ਨਵੀਂ ਦਿੱਲੀ, 8 ਅਕਤੂਬਰ
ਆਮ ਆਦਮੀ ਪਾਰਟੀ (ਆਪ) ਨੇ ਮੰਗ ਕੀਤੀ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸੰਗਠਨ ਦੀ ਅਗਵਾਈ ਹਮੇਸ਼ਾ ਕਿਸੇ ਉੱਚ ਜਾਤੀ ਦਾ ਵਿਅਕਤੀ ਹੀ ਕਿਉਂ ਕਰਦਾ ਹੈ। ‘ਆਪ’ ਨੇ ਇਹ ਮੰਗ ਮੋਹਨ ਭਾਗਵਤ ਦੀ ਉਸ ਟਿੱਪਣੀ ਤੋਂ ਇੱਕ ਦਿਨ ਬਾਅਦ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਵਰਣ’ ਅਤੇ ‘ਜਾਤ’ ਵਰਗੀ ਧਾਰਨਾ ਪੂਰੀ ਤਰ੍ਹਾਂ ਖਤਮ ਹੋਣੀ ਚਾਹੀਦੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ ਭਾਜਪਾ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਕਿਹਾ, ‘‘ਇਸ ਨੇ ਦੇਸ਼ ਨੂੰ ਵਰਣ, ਜਾਤ ਅਤੇ ਧਰਮ ਦੇ ਨਾਂ ’ਤੇ ਵੰਡਿਆ ਹੈ।’’ ਮੋਹਨ ਭਾਗਵਤ ਦੀ ਟਿੱਪਣੀ ਬਾਰੇ ਸਵਾਲ ਦੇ ਜਵਾਬ ਵਿੱਚ ‘ਆਪ’ ਨੇਤਾ ਦੁਰਗੇਸ਼ ਪਾਠਕ ਨੇ ਕਿਹਾ, ‘‘ਜਦੋਂ ਉਹ ਅਜਿਹੀਆਂ ਗੱਲਾਂ ਕਰਦੇ ਹਨ ਤਾਂ ਮੈਂ ਆਰਐੱਸਐੱਸ ਮੁਖੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਹਮੇਸ਼ਾ ਉੱਚੀ ਜਾਤਾਂ ਵਿੱਚੋਂ ਕੋਈ ਵਿਅਕਤੀ ਹੀ ਆਰਐੱਸਐੱਸ ਮੁਖੀ ਕਿਉਂ ਬਣਦਾ ਹੈ।’’ -ਪੀਟੀਆਈ