ਨਵੀਂ ਦਿੱਲੀ, 9 ਮਾਰਚ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਦੀਆਂ ਸੰਪਤੀਆਂ ਦੇ ਮੁਦਰੀਕਰਨ ਨਾਲ ਢਾਂਚੇ ਦੀ ਉਸਾਰੀ ਦਾ ਵਿਸਤਾਰ ਹੋਵੇਗਾ ਤੇ ਨਿਵੇੇਸ਼ ਵਿਚ ਵੀ ਵੱਡਾ ਬਦਲਾਅ ਆਵੇਗਾ। ਉਨ੍ਹਾਂ ਕਿਹਾ ਰਾਜਾਂ ਦੀ ਹਿੱਸੇਦਾਰੀ ਇਸ ਵਿਚ ਬਹੁਤ ਅਹਿਮ ਹੈ। ਉਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਖੇਤਰ ਦੀ ਸਾਂਝੇਦਾਰੀ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੁਦਰੀਕਰਨ ਨੂੰ ਸਿਰਫ਼ ਪੈਸਾ ਇਕੱਠਾ ਕਰਨ ਨਾਲ ਜੋੜ ਕੇ ਨਾ ਦੇਖਿਆ ਜਾਵੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜਨਤਕ ਅਦਾਰਿਆਂ ਦੀਆਂ 100 ਤੋਂ ਵੱਧ ਅਜਿਹੀਆਂ ਸੰਪਤੀਆਂ ਦਾ ਮੁਦਰੀਕਰਨ ਕੀਤਾ ਜਾਵੇਗਾ ਜੋ ਕਿ ਪੂਰੀ ਤਰ੍ਹਾਂ ਵਰਤੋਂ ਵਿਚ ਨਹੀਂ ਹਨ। ਨਿਰਮਲਾ ਸੀਤਾਰਾਮਨ ਨੇ ਨਾਲ ਹੀ ਦੱਸਿਆ ਕਿ ਸਰਕਾਰ ਨੂੰ 9 ਨਵੰਬਰ, 2020 ਤੋਂ 31 ਜਨਵਰੀ, 2021 ਦੌਰਾਨ 20,124 ਕਰੋੜ ਰੁਪਏ ਦੀ ਜੀਐੱਸਟੀ ਧੋਖਾਧੜੀ ਦਾ ਪਤਾ ਲੱਗਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜਾਅਲੀ ਚਲਾਨ ਜ਼ਰੀਏ ਫ਼ਰਜ਼ੀ ਤਰੀਕੇ ਨਾਲ ਇਨਪੁਟ ਟੈਕਸ ਕਰੈਡਿਟ ਦਾ ਲਾਭ ਲੈਣ ਵਾਲਿਆਂ ਖ਼ਿਲਾਫ਼ ਦੇਸ਼ ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ