ਨਵੀਂ ਦਿੱਲੀ, 20 ਸਤੰਬਰ
ਮਨੀ ਲਾਂਡਰਿੰਗ ਦੇ ਵੱਖੋ-ਵੱਖਰੇ ਮਾਮਲਿਆਂ ਦੀ ਜਾਂਚ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਸੋਮਵਾਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ, ਗੈਂਗਸਟਰ ਮੁਖਤਾਰ ਅੰਸਾਰੀ ਅਤੇ ਬਾਹੂਬਲੀ ਅਤੀਕ ਅਹਿਮਦ ਤੋਂ ਪੁੱਛ-ਗਿੱਛ ਸ਼ੁਰੂ ਕਰੇਗੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਅਦਾਲਤਾਂ ਤੋਂ ਪ੍ਰਵਾਨਗੀ ਲੈਣ ਮਗਰੋਂ ਏਜੰਸੀ ਨੇ ‘ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਕਾਨੂੰਨ’ ਅਧੀਨ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੀ ਜ਼ਿਲ੍ਹਾ ਜੇਲ੍ਹ ਸੀਤਾਪੁਰ ਵਿੱਚ 72 ਵਰ੍ਹਿਆਂ ਦੇ ਖ਼ਾਨ ਖ਼ਿਲਾਫ਼ ਦਰਜ ਮਾਮਲੇ ਸਬੰਧੀ ਪੁੱਛ-ਗਿੱਛ ਕੀਤੀ ਜਾਵੇਗੀ ਅਤੇ 20 ਤੋਂ 24 ਸਤੰਬਰ ਤੱਕ ਉਸ ਦੇ ਬਿਆਨ ਦਰਜ ਕੀਤੇ ਜਾਣਗੇ। ਇਸ ਤਰ੍ਹਾਂ ਮਊ ਸੀਟ ਤੋਂ ਬਸਪਾ ਵਿਧਾਇਕ 58 ਸਾਲਾਂ ਅੰਸਾਰੀ ਤੋਂ ਬਾਂਦਾ ਜੇਲ੍ਹ ਵਿੱਚ ਪੁੱਛ-ਗਿੱਛ ਕੀਤੀ ਜਾਵੇਗੀ। ਇੰਜ ਹੀ ਅਦਾਲਤ ਨੇ 59 ਸਾਲਾਂ ਅਹਿਮਦ ਤੋਂ ਸਵਾਲ ਜਵਾਬ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਪੀਐੱਮਐੱਲਏ ਦੀਆਂ ਵੱਖ ਵੱਖ ਅਪਰਾਧਿਕ ਮੱਦਾਂ ਅਧੀਨ ਮੁਲਜ਼ਮਾਂ ਦੀ ਸੰਪਤੀ ਵੀ ਜ਼ਬਤ ਕਰ ਸਕਦੀ ਹੈ। -ਪੀਟੀਆਈ