ਮੁੰਬਈ: ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਮੁੰਬਈ ਦੀ ਇਕ ਚਾਲ ਦੇ ਪੁਨਰਵਿਕਾਸ ਵਿੱਚ ਅਨਿਯਮਤਾਵਾਂ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਕਰਨ (ਮਨੀ ਲਾਂਡਰਿੰਗ) ਦੇ ਮਾਮਲੇ ’ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਦੀ ਨਿਆਂਇਕ ਹਿਰਾਸਤ 5 ਸਤੰਬਰ ਤੱਕ ਵਧਾ ਦਿੱਤੀ ਹੈ। ਰਾਊਤ (60) ਨੂੰ ਪਹਿਲੀ ਅਗਸਤ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗੋਰੇਗਾਓਂ ਵਿੱਚ ਪਾਤਰਾ ਚਾਲ ਦੇ ਪੁਨਰਵਿਕਾਸ ਵਿੱਚ ਕਥਿਤ ਵਿੱਤੀ ਅਨਿਯਮਤਾਵਾਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਕ ਹਫ਼ਤਾ ਈਡੀ ਦੀ ਹਿਰਾਸਤ ’ਚ ਰੱਖਣ ਤੋਂ ਬਾਅਦ ਅਦਾਲਤ ਨੇ 8 ਅਗਸਤ ਨੂੰ ਰਾਊਤ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਸੀ। ਅੱਜ ਵਿਸ਼ੇਸ਼ ਜੱਜ ਐੱਮ.ਜੀ. ਦੇਸ਼ਪਾਂਡੇ ਨੇ ਕੇਸ ਦੀ ਸੁਣਵਾਈ ਕਰਦਿਆਂ ਰਾਊਤ ਦੀ ਨਿਆਂਇਕ ਹਿਰਾਸਤ 5 ਸਤੰਬਰ ਤੱਕ ਵਧਾ ਦਿੱਤੀ। -ਪੀਟੀਆਈ