ਨਵੀਂ ਦਿੱਲੀ, 1 ਸਤੰਬਰ
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੁਲਕ ਵਿੱਚ ਐਤਕੀਂ ਅਗਸਤ ਮਹੀਨੇ ਆਮ ਨਾਲੋਂ 27 ਫੀਸਦ ਵੱਧ ਮੀਂਹ ਪਏ ਹਨ, ਜੋ ਕਿ ਪਿਛਲੇ 120 ਸਾਲਾਂ ਵਿੱਚ ਚੌਥੀ ਸਭ ਤੋਂ ਵੱਧ ਮਾਤਰਾ ਹੈ। ਪਹਿਲੀ ਜੂਨ ਤੋਂ 31 ਅਗਸਤ ਤਕ ਕੁੱਲ ਮਿਲਾ ਕੇ ਭਾਰਤ ਵਿੱਚ ਆਮ ਨਾਲੋਂ ਦਸ ਫੀਸਦ ਵੱਧ ਮੀਂਹ ਦਰਜ ਕੀਤੇ ਗਏ ਹਨ। ਊਂਜ ਮੁਲਕ ਵਿੱਚ ਮੀਂਹ ਦਾ ਸੀਜ਼ਨ ਪਹਿਲੀ ਜੂਨ ਤੋਂ 30 ਸਤੰਬਰ ਤਕ ਹੁੰਦਾ ਹੈ। ਭਾਰਤੀ ਮੌਸਮ ਵਿਭਾਗ ਦੇ ਭਵਿੱਖਬਾਣੀ ਬਾਰੇ ਸੈਂਟਰ ’ਚ ਵਿਗਿਆਨੀ ਆਰ.ਕੇ.ਜੇਨਾਮਨੀ ਨੇ ਕਿਹਾ, ‘ਅਗਸਤ ਮਹੀਨੇ ਆਮ ਨਾਲੋਂ 27 ਫੀਸਦ ਵੱਧ ਮੀਂਹ ਰਿਕਾਰਡ ਕੀਤੇ ਗਏ ਹਨ।’ ਮੌਸਮ ਵਿਭਾਗ ਨੇ ਪਿਛਲੇ ਮਹੀਨੇ ਅਗਸਤ ਲਈ ਕੀਤੀ ਆਪਣੀ ਪੇਸ਼ੀਨਗੋਈ ਵਿੱਚ ਲੌਂਗ ਪੀਰੀਅਡ ਔਸਤ (ਐੱਲਪੀਏ) ਦਾ 97 ਫੀਸਦ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। ਐੱਲਪੀਏ ਦੇ 96 ਤੋਂ 104 ਫੀਸਦ ਵਿਚਲੇ ਦਾਇਰੇ ’ਚ ਮੌਨਸੂਨ ਨੂੰ ਸਾਧਾਰਨ ਮੰਨਿਆ ਜਾਂਦਾ ਹੈ। ਜੇਨਾਮਨੀ ਨੇ ਕਿਹਾ, ‘ਅਗਸਤ 2020 ਵਿੱਚ ਦਰਜ ਮੀਂਹ ਪਿਛਲੇ 120 ਸਾਲਾਂ ਵਿੱਚ ਚੌਥਾ ਸਭ ਤੋਂ ਵੱਧ ਤੇ 44 ਸਾਲਾਂ ’ਚ ਸਭ ਤੋਂ ਉਪਰਲਾ ਪੱਧਰ ਸੀ।’ ਉਂਜ ਅਗਸਤ ਮਹੀਨੇ ਪਹਿਲੀ ਵਾਰ ਇੰਨੇ ਮੀਂਹ ਦਰਜ ਕੀਤੇ ਗਏ ਹਨ।
ਸਾਲ 1926 ਵਿੱਚ ਅਗਸਤ ਮਹੀਨੇ ਸਾਧਾਰਨ ਨਾਲੋਂ 33 ਫੀਸਦ ਵੱਧ ਮੀਂਹ ਪਏ ਸੀ। ਸਾਲ 1976 ਤੇ 1973 ਦੇ ਅਗਸਤ ਮਹੀਨਿਆਂ ਵਿੱਚ ਇਹ ਅੰਕੜਾ ਕ੍ਰਮਵਾਰ 28.4 ਤੇ 27.8 ਫੀਸਦ ਸੀ। ਸਕਾਈਮੈੱਟ ਵੈਦਰ ਦੇ ਉਪ ਪ੍ਰਧਾਨ ਮਹੇਸ਼ ਪਲਵਤ ਨੇ ਕਿਹਾ ਕਿ ਬੰਗਾਲ ਦੀ ਖਾੜ੍ਹੀ ਵਿੱਚ ਪੰਜ ਘੱਟ ਦਬਾਅ ਵਾਲੇ ਖੇਤਰਾਂ ਕਰਕੇ ਅਗਸਤ ਮਹੀਨੇ ਵੱਧ ਮੀਂਹ ਦਰਜ ਕੀਤੇ ਗਏ ਹਨ। -ਪੀਟੀਆਈ