ਨਵੀਂ ਦਿੱਲੀ, 14 ਮਈ
ਕੇਰਲਾ ’ਚ ਦੱਖਣੀ-ਪੱਛਮੀ ਮੌਨਸੂਨ ਸਮੇਂ ਤੋਂ ਪਹਿਲਾਂ 31 ਮਈ ਨੂੰ ਪਹੁੰਚ ਸਕਦਾ ਹੈ। ਆਮ ਤੌਰ ’ਤੇ ਰਾਜ ’ਚ ਮੌਨਸੂਨ ਇੱਕ ਜੂਨ ਨੂੰ ਆਉਂਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ।
ਮੌਸਮ ਵਿਭਾਗ ਨੇ ਦੱਸਿਆ ਕਿ ਇਸ ਸਾਲ ਦੱਖਣ-ਪੱਛਮੀ ਮੌਨਸੂਨ ਕੇਰਲਾ ’ਚ 31 ਮਈ ਨੂੰ ਪਹੁੰਚ ਸਕਦਾ ਹੈ। ਭਾਰਤੀ ਮੌਨਸੂਨ ਖੇਤਰ ’ਚ ਮੌਨਸੂਨ ਦੇ ਮੀਂਹ ਦੀ ਸ਼ੁਰੂਆਤ ਦੱਖਣੀ ਅੰਡੇਮਾਨ ਸਾਗਰ ਤੋਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਮੌਨਸੂਨੀ ਹਵਾਵਾਂ ਉੱਤਰ-ਪੱਛਮੀ ਦਿਸ਼ਾ ’ਚ ਬੰਗਾਲ ਦੀ ਖਾੜੀ ਵੱਲ ਵੱਧਦੀਆਂ ਹਨ। ਮੌਨਸੂਨ ਦੀਆਂ ਨਵੀਆਂ ਤਾਰੀਕਾਂ ਅਨੁਸਾਰ ਦੱਖਣ-ਪੱਛਮੀ ਮੌਨਸੂਨ 22 ਮਈ ਦੇ ਨੇੜੇ ਅੰਡੇਮਾਨ ਸਾਗਰ ਪਹੁੰਚੇਗਾ। ਵਿਭਾਗ ਨੇ ਇਸ ਸਾਲ ਮੌਨਸੂਨ ਆਮ ਵਰਗਾ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ।
ਇਸੇ ਦੌਰਾਨ ਮੌਸਮ ਵਿਭਾਗ ਨੇ ਕਿਹਾ ਕਿ ਅਰਬ ਸਾਗਰ ’ਚ ਬਣੇ ਦਬਾਅ ਦੇ ਖੇਤਰ ਦੇ 17 ਮਈ ਨੂੰ ਬਹੁਤ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋਣ ਅਤੇ ਇੱਕ ਦਿਨ ਬਾਅਦ ਗੁਜਰਾਤ ਤੱਟ ਪਾਰ ਕਰਨ ਦੀ ਸੰਭਾਵਨਾ ਹੈ। ਮੌਸਮੀ ਹਾਲਾਤ ਗਹਿਰੇ ਦਬਾਅ ਖੇਤਰ ’ਚ ਤਬਦੀਲ ਹੋ ਗਏ ਹਨ ਅਤੇ ਇਹ ਭਲਕ ਸਵੇਰ ਤੱਕ ਚੱਕਰਵਾਤੀ ਤੂਫ਼ਾਨ ‘ਤੌਕਤੇ’ ’ਚ ਤਬਦੀਲ ਹੋ ਸਕਦਾ ਹੈ ਹੈ। ਆਈਐੱਮਡੀ ਦੇ ਚੱਕਰਵਾਤ ਚਿਤਾਵਨੀ ਵਿਭਾਗ ਨੇ ਕਿਹਾ ਕਿ 16-19 ਮਈ ਵਿਚਾਲੇ ਪੂਰੀ ਸੰਭਾਵਨਾ ਹੈ ਕਿ ਇਹ 150-160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਨਾਲ ਬਹੁਤ ਹੀ ਭਿਆਨਕ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋਵੇਗਾ। ਹਵਾਵਾਂ ਦੀ ਰਫ਼ਤਾਰ 175 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ। ਵਿਭਾਗ ਨੇ ਪੱਛਮੀ ਤੱਟੀ ਰਾਜਾਂ ਨੂੰ ਚੌਕਸ ਰਹਿਣ ਲਈ ਕਿਹਾ। -ਪੀਟੀਆਈ