ਨਵੀਂ ਦਿੱਲੀ, 1 ਜੁਲਾਈ
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਇਥੇ ਦੱਸਿਆ ਕਿ ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ 11 ਅਗਸਤ ਤੱਕ ਚੱਲੇਗਾ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਸੈਸ਼ਨ ਦੌਰਾਨ ਉਸਾਰੂ ਵਿਚਾਰ ਵਟਾਂਦਰੇ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸੈਸ਼ਨ ਦੇ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ ਕਿਉਂਕਿ ਵਿਰੋਧੀ ਪਾਰਟੀਆਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਵਿਰੁੱਧ ਇਕਜੁੱਟ ਮੋਰਚਾ ਬਣਾਉਣ ਲਈ ਤਿਆਰੀ ਕਰ ਰਹੀਆਂ ਹਨ। ਅਸਲ ਵਿੱਚ ਸੰਸਦ ਦੀ ਬੈਠਕ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਸਾਂਝੇ ਸਿਵਲ ਕੋਡ ਲਈ ਮੈਦਾਨ ਤਿਆਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਸੈਸ਼ਨ ਦੇ ਪੁਰਾਣੇ ਸੰਸਦ ਭਵਨ ਵਿੱਚ ਸ਼ੁਰੂ ਹੋਣ ਅਤੇ ਬਾਅਦ ਵਿੱਚ ਨਵੀਂ ਇਮਾਰਤ ਵਿੱਚ ਜਾਣ ਦੀ ਉਮੀਦ ਹੈ। ਨਵੀਂ ਇਮਾਰਤ ਦਾ ਉਦਘਾਟਨ ਮੋਦੀ ਦੁਆਰਾ 28 ਮਈ ਨੂੰ ਕੀਤਾ ਗਿਆ ਸੀ।