ਗਾਂਧੀਨਗਰ, 31 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਰਾਜ ਭਵਨ ’ਚ ਉੱਚ ਪੱਧਰੀ ਮੀਟਿੰਗ ਕਰਕੇ ਮੋਰਬੀ ’ਚ ਪੁਲ ਡਿੱਗਣ ਤੋਂ ਬਾਅਦ ਦੇ ਹਾਲਾਤ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੂੰ ਉਥੇ ਚਲਾਏ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਹਾਦਸੇ ਨਾਲ ਸਬੰਧਤ ਸਾਰੇ ਪੱਖਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਪ੍ਰਧਾਨ ਮੰਤਰੀ ਨੇ ਪੀੜਤਾਂ ਨੂੰ ਹਰਸੰਭਵ ਸਹਾਇਤਾ ਦੇਣ ’ਤੇ ਜ਼ੋਰ ਦਿੱਤਾ। ਮੀਟਿੰਗ ’ਚ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਗ੍ਰਹਿ ਮੰਤਰੀ ਹਰਸ਼ ਸਾਂਘਵੀ, ਮੁੱਖ ਸਕੱਤਰ, ਡੀਜੀਪੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜਾਂ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। -ਏਐਨਆਈ