ਪੁਣੇ, 18 ਜੁਲਾਈ
ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਪਾਂਧਰਪੁਰ ਕਸਬੇ ਦੇ ਇੱਕ ਮੰਦਰ ਵਿੱਚ ਭੋਜਨ ਖਾਣ ਮਗਰੋਂ 40 ਤੋਂ ਵੱਧ ਵਿਦਿਆਰਥੀ ਬਿਮਾਰ ਹੋ ਗਏ। ਸਿਹਤ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਭੋਜਨ ਜ਼ਹਿਰੀਲਾ ਹੋਣ ਕਾਰਨ ਇਹ ਘਟਨਾ ਵਾਪਰੀ। ਇਨ੍ਹਾਂ ਵਿਦਿਆਰਥੀਆਂ ਦੀ ਉਮਰ 15-35 ਸਾਲ ਹੈ। ਉਹ ਸਥਾਨਕ ਮੱਠ ਤੋਂ ਵਰਕਰੀ ਦੀ ਸਿੱਖਿਆ ਲੈ ਰਹੇ ਸਨ। ਬਿਮਾਰਾਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾ. ਅਰਵਿੰਦ ਗਿਰਮ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਲਟੀ, ਦਸਤ ਅਤੇ ਪੇਟ ਦਰਦ ਦੀ ਸ਼ਿਕਾਇਤ ਸੀ। ਉਨ੍ਹਾਂ ਕਿਹਾ, ‘‘ਐਤਵਾਰ ਨੂੰ ਉਨ੍ਹਾਂ ਨੇ ਨੇੜੇ ਦੇ ਮੱਠ ਤੋਂ ਖਾਣਾ ਖਾਧਾ ਸੀ। ਭੋਜਨ ਸ਼ਾਇਦ ਜ਼ਹਿਰੀਲਾ ਸੀ, ਜਿਸ ਮਗਰੋਂ 40 ਤੋਂ ਵੱਧ ਵਿਦਿਆਰਥੀ ਬਿਮਾਰ ਹੋ ਗਏ।’’ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਬਿਮਾਰ ਵਿਦਿਆਰਥੀਆਂ ਦੇ ਸੈਂਪਲ ਲਏ ਜਾ ਰਹੇ ਹਨ। ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ