ਨਵੀਂ ਦਿੱਲੀ, 11 ਜੂਨ
ਦੇਸ਼ ਵਿੱਚ 103 ਦਿਨਾਂ ਬਾਅਦ ਇੱਕ ਦਿਨ ਵਿੱਚ ਕੋਵਿਡ-19 ਦੇ 8000 ਤੋਂ ਵੱਧ ਨਵੇਂ ਕੇਸਾਂ ਦੇ ਆਉਣ ਕਾਰਨ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 4,32,13,435 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ ਕੁੱਲ 8,329 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ 10 ਹੋਰ ਮਰੀਜ਼ਾਂ ਦੀ ਮੌਤ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 5,24,757 ਹੋ ਗਈ ਹੈ।
ਇਸ ਦੌਰਾਨ ਸਿਹਤ ਮਾਹਿਰਾਂ ਨੇ ਕਿਹਾ ਕਿ ਕੁੱਝ ਦਿਨਾਂ ਤੋਂ ਦੇਸ਼ ਵਿੱਚ ਕਰੋਨਾ ਕੇਸ ਵਧਣ ਤੋਂ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦਾ ਕੋਈ ਨਵਾਂ ਰੂਪ ਨਹੀਂ ਮਿਲਿਆ ਅਤੇ ਵਾਇਰਸ ਦੇ ਕੇਸ ਕੁੱਝ ਜ਼ਿਲ੍ਹਿਆਂ ’ਚ ਹੀ ਵੱਧ ਰਹੇ ਹਨ। ਕਰੋਨਾ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਅਤੇ ਬੂਸਟਰ ਡੋਜ਼ ਲੈਣ ਲਈ ਲੋਕਾਂ ਵੱਲੋਂ ਉਤਸਾਹ ਨਾ ਦਿਖਾਏ ਜਾਣ ਕਾਰਨ ਕਰੋਨਾ ਕੇਸਾਂ ਵਿੱਚ ਵਾਧਾ ਹੋਇਆ ਹੈ।