ਦਵਿੰਦਰ ਸਿੰਘ ਭੰਗੂ
ਰਈਆ, 7 ਦਸੰਬਰ
ਅੱਜ ਕਰੀਬ ਤਿੰਨ-ਚਾਰ ਵਜੇ ਦਰਮਿਆਨ ਪੁਲੀਸ ਥਾਣਾ ਬਿਆਸ ਦੇ ਬਿਲਕੁਲ ਸਾਹਮਣੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਦੁਕਾਨਦਾਰ ’ਤੇ ਸਿੱਧੀ ਗੋਲੀਬਾਰੀ ਕਰ ਦਿੱਤੀ। ਦੁਕਾਨਦਾਰ ਪਾਸੋਂ ਇਕ ਮਹੀਨਾ ਪਹਿਲਾਂ 15 ਲੱਖ ਦੀ ਫਿਰੌਤੀ ਮੰਗੀ ਗਈ ਸੀ ਜਿਸ ਦੀ ਪੁਲੀਸ ਥਾਣਾ ਬਿਆਸ ਨੂੰ ਇਤਲਾਹ ਵੀ ਦਿੱਤੀ ਗਈ ਸੀ। ਡੀਐੱਸਪੀ ਬਾਬਾ ਬਕਾਲਾ ਨੇ ਕਿਹਾ ਕੇ ਦੋਸ਼ੀ ਦੀ ਸ਼ਨਾਖ਼ਤ ਕਰ ਲਈ ਗਈ ਹੈ ਜਲਦ ਕਾਬੂ ਕਰ ਲਿਆ ਜਾਵੇਗਾ।
ਪੀੜਤ ਦੁਕਾਨਦਾਰ ਜਤਿੰਦਰ ਸਪਰਾ ਪੁੱਤਰ ਕਸ਼ਮੀਰੀ ਲਾਲ ਵਾਸੀ ਬੁੱਢਾ ਥੇਹ ਬਿਆਸ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਕਰੀਬ ਤਿੰਨ-ਚਾਰ ਵਜੇ ਦਰਮਿਆਨ ਇਕ ਮੋਟਰ ਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ ਇਕ ਮੋਟਰ ਸਾਈਕਲ ਸਟਾਰਟ ਕਰਕੇ ਬੈਠਾ ਰਿਹਾ ਅਤੇ ਦੂਸਰੇ ਨੇ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਦੇ ਅੰਦਰ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਦੁਕਾਨਦਾਰ ਨੇ ਘਰ ਦੇ ਅੰਦਰ ਭੱਜਕੇ ਜਾਨ ਬਚਾਈ। ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਉੱਚ ਅਧਿਕਾਰੀਆਂ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਡੀਐੱਸਪੀ ਬਾਬਾ ਬਕਾਲਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਤਿੰਨ ਚਾਰ ਵਜੇ ਦੋ ਨੌਜਵਾਨ ਨੇ ਦੁਕਾਨ ਤੇ ਆ ਕੇ ਫਾਇਰਿੰਗ ਕੀਤੀ ਹੈ ਪਰ ਦੁਕਾਨਦਾਰ ਕੋਈ ਵੱਡਾ ਵਪਾਰੀ ਨਹੀਂ ਹੈ ਇਨ੍ਹਾਂ ਦਾ ਪਹਿਲਾਂ ਛੋਟੇ ਜਿਹੇ ਵਿਵਾਦ ਕਰਨ ਕਰਕੇ ਝਗੜਾ ਹੋਇਆ ਸੀ। ਦੋਸ਼ੀਆਂ ਵਿਰੁੱਧ ਜਾਂਚ ਆਰੰਭ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਚਾਰ ਖ਼ਾਲੀ ਖੋਲ੍ਹ ਅਤੇ ਤਿੰਨ ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ ਹਨ।ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀ ਪਹਿਲਾਂ ਤੋ ਹੀ ਕਿਸੇ ਕੇਸ ਵਿੱਚ ਭਗੌੜਾ ਹੈ ਜਿਸ ਦੀ ਸ਼ਨਾਖ਼ਤ ਕਰ ਲਈ ਗਈ ਹੈ।