ਨਵੀਂ ਦਿੱਲੀ, 5 ਅਗਸਤ
ਰਾਜ ਸਭਾ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਇਜਲਾਸ ਚੱਲ ਰਿਹਾ ਹੋਵੇ ਤਾਂ ਸੰਸਦ ਮੈਂਬਰਾਂ ਨੂੰ ਅਪਰਾਧਿਕ ਕੇਸਾਂ ’ਚ ਗ੍ਰਿਫ਼ਤਾਰੀ ਤੋਂ ਕੋਈ ਰਾਹਤ ਨਹੀਂ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਜਾਰੀ ਸੰਮਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਹਨ। ਕਾਂਗਰਸੀ ਮੈਂਬਰਾਂ ਨੇ ਕੇਂਦਰ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼ ਲਗਾਉਂਦਿਆਂ ਅੱਜ ਰਾਜ ਸਭਾ ’ਚ ਰੌਲਾ-ਰੱਪਾ ਪਾਇਆ। ਕਾਂਗਰਸ ਮੈਂਬਰਾਂ ਨੇ ਕਿਹਾ ਕਿ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦਾ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਅਪਮਾਨ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਸਦਨ ਦੀ ਕਾਰਵਾਈ ਦੌਰਾਨ ਹੀ ਤਲਬ ਕੀਤਾ ਗਿਆ। ਇਸ ਦੌਰਾਨ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ। ਜਦੋਂ ਉਪਰਲਾ ਸਦਨ ਮੁੜ ਜੁੜਿਆ ਤਾਂ ਨਾਇਡੂ ਨੇ ਕਿਹਾ ਕਿ ਮੈਂਬਰਾਂ ’ਚ ਇਹ ਗਲਤ ਧਾਰਨਾ ਹੈ ਕਿ ਜਦੋਂ ਸੰਸਦ ਦਾ ਇਜਲਾਸ ਚੱਲ ਰਿਹਾ ਹੋਵੇ ਤਾਂ ਜਾਂਚ ਏਜੰਸੀਆਂ ਦੀ ਕਾਰਵਾਈ ਤੋਂ ਉਨ੍ਹਾਂ ਨੂੰ ਛੋਟ ਮਿਲੇਗੀ। ਜਦੋਂ ਸੈਸ਼ਨ ਚੱਲ ਰਿਹਾ ਹੋਵੇ ਤਾਂ ਜਾਂਚ ਲਈ ਹੋਰ ਤਰੀਕ ਮੰਗੀ ਜਾ ਸਕਦੀ ਹੈ ਪਰ ਏਜੰਸੀਆਂ ਦੇ ਸੰਮਨਾਂ ਜਾਂ ਨੋਟਿਸਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈ। -ਪੀਟੀਆਈ
ਨਾਇਡੂ ਨੂੰ ਰਾਜ ਸਭਾ ’ਚ 8 ਨੂੰ ਦਿੱਤੀ ਜਾਵੇਗੀ ਵਿਦਾਇਗੀ
ਨਵੀਂ ਦਿੱਲੀ: ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਐੱਮ ਵੈਂਕਈਆ ਨਾਇਡੂ ਨੂੰ ਉਪਰਲੇ ਸਦਨ ’ਚ 8 ਅਗਸਤ ਨੂੰ ਵਿਦਾੲਗੀ ਦਿੱਤੀ ਜਾਵੇਗੀ। ਉਪ ਚੇਅਰਮੈਨ ਹਰਿਵੰਸ਼ ਨੇ ਅੱਜ ਸਦਨ ’ਚ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸਿਫ਼ਰ ਕਾਲ ਨਹੀਂ ਹੋਵੇਗਾ ਅਤੇ ਪਾਰਟੀਆਂ ਦੇ ਆਗੂ ਵਿਦਾਇਗੀ ਭਾਸ਼ਨ ਦੇਣਗੇ। ਜ਼ਿਕਰਯੋਗ ਹੈ ਕਿ ਰਾਜ ਸਭਾ ਚੇਅਰਮੈਨ ਨਾਇਡੂ 10 ਅਗਸਤ ਨੂੰ ਅਹੁਦੇ ਤੋਂ ਲਾਂਭੇ ਹੋ ਰਹੇ ਹਨ।