ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਜੈ ਕਿਸਾਨ ਅੰਦੋਲਨ ਜਥੇਬੰਦੀ ਨੇ ‘ਐੱਮਐੱਸਪੀ ਲੂਟ ਕੈਲਕੁਲੇਟਰ’ ਲਾਂਚ ਕੀਤਾ ਹੈ ਜੋ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਗਣਨਾ ਕਰੇਗਾ ਜਿਨ੍ਹਾਂ ਨੂੰ ਫਸਲਾਂ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ। ਜਥੇਬੰਦੀ ਦੇ ਕੌਮੀ ਕਨਵੀਨਰ ਅਵੀਕ ਸਾਹਾ ਅਨੁਸਾਰ ਕੈਲਕੁਲੇਟਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਨੂੰ ਹੋਏ ਨੁਕਸਾਨ ਨੂੰ ਪ੍ਰਦਰਸ਼ਤ ਕਰਦਿਆਂ ਹਰ ਰੋਜ਼ ਨਵਾਂ ਅੰਕੜਾ ਸਾਂਝਾ ਕਰੇਗਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਸਰਕਾਰ ਦੇ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕਰਨਾ ਹੈ ਕਿ ਸਰਕਾਰ ਕਿਸਾਨਾਂ ਦੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਦੀ ਹੈ। ਉਨ੍ਹਾਂ ਕਿਹਾ ਕਿ ਜੈ ਕਿਸਾਨ ਅੰਦੋਲਨ ਕਿਸੇ ਵੀ ਰਾਜ, ਮੰਡੀ ਜਾਂ ਫਸਲ ਦੀ ਹੋ ਰਹੀ ਲੁੱਟ ਦਾ ਅੰਕੜਾ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਕੈਲਕੁਲੇਟਰ ਇਸ ਲਈ ਸਰਕਾਰੀ ਵੈੱਬਸਾਈਟ ਐਗਮਾਰਕਡਾਟਟੱਨ ਦੇ ਡੇਟਾ ਦੀ ਵਰਤੋਂ ਕਰੇਗਾ। ਜਥੇਬੰਦੀ ਦੇ ਸੰਸਥਾਪਕ ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਦਾਅਵਾ ਕਰਦੀ ਹੈ ਕਿ ‘ਐੱਮਐੱਸਪੀ ਸੀ, ਹੈ ਅਤੇ ਅੱਗੇ ਵੀ ਜਾਰੀ ਰਹੇਗੀ’ ਪਰ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਐੱਮਐੱਸਪੀ ਲੂਟ ਕੈਲਕੁਲੇਟਰ’ ਦੀਆਂ ਖੋਜਾਂ ਅਨੁਸਾਰ ਮਾਰਚ ਦੇ ਪਹਿਲੇ 15 ਦਿਨਾਂ ਵਿੱਚ ਇਕੱਲੇ ਚਨੇ (ਬੰਗਾਲ ਗ੍ਰਾਮ) ਦੀ ਵਿਕਰੀ ਦੌਰਾਨ ਕਿਸਾਨਾਂ ਨੇ ਆਪਣੀ ਫਸਲ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਵੇਚ ਕੇ 140 ਕਰੋੜ ਰੁਪਏ ਦਾ ਘਾਟਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਰੁਝਾਨ ਜਾਰੀ ਰਿਹਾ ਤਾਂ ਇਸ ਸਾਲ ਕਿਸਾਨਾਂ ਦੀ 870 ਕਰੋੜ ਰੁਪਏ ਦੀ ਲੁੱਟ ਕੀਤੀ ਜਾਵੇਗੀ। ਸ੍ਰੀ ਯਾਦਵ ਨੇ ਦਾਅਵਾ ਕੀਤਾ ਕਿ ਸਾਲ 2020-21 ਵਿੱਚ ਕਿਸਾਨਾਂ ਦੀ 884 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਐੱਮਐੱਸਪੀ ਨਾਲੋਂ 800 ਰੁਪਏ ਘੱਟ ਮਿਲੇ। ਇਸ ਤੋਂ ਪਿਛਲੇ ਸਾਲ ਕਿਸਾਨਾਂ ਨੂੰ 957 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।