ਨਵੀਂ ਦਿੱਲੀ, 16 ਸਤੰਬਰ
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਦੀ ਮੌਤ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ, ਨਾ ਕਿ ਜ਼ਹਿਰ ਦੇਣ ਨਾਲ। ਇਹ ਦਾਅਵਾ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਅੱਜ ਆਪਣੀ ਰਿਪੋਰਟ ਵਿੱਚ ਕੀਤਾ ਹੈ। ਪੋਸਟਮਾਰਟਮ ਦੇ ਕਾਰਨਾਂ ਦੀ ਪੁਸ਼ਟੀ ਕਰਦੀ ਇਹ ਰਿਪੋਰਟ ਸੂਬੇ ਦੇ ਪ੍ਰਸ਼ਾਸਨ ਕੋਲ ਦਾਖ਼ਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਖ਼ਤਾਰ ਅੰਸਾਰੀ, ਜੋ ਬਾਂਦਾ ਦੀ ਜੇਲ੍ਹ ਵਿੱਚ ਕੈਦ ਕੱਟ ਰਿਹਾ ਸੀ, ਦੀ ਮੌਤ ਇਸੇ ਸਾਲ 28 ਮਾਰਚ ਨੂੰ ਰਾਣੀ ਦੁਰਗਾਵਤੀ ਕਾਲਜ ਵਿੱਚ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਵਿੱਚ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਪਰ ਉਸ ਦੇ ਪਰਿਵਾਰ ਨੇ ਜੇਲ੍ਹ ਅਧਿਕਾਰੀਆਂ ’ਤੇ ਜ਼ਹਿਰ ਦੇ ਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਸੀ। -ਆਈਏਐੱਨਐੱਸ