ਬਾਂਦਾ (ਯੂਪੀ), 7 ਅਪਰੈਲ
ਪੰਜਾਬ ਦੀ ਜੇਲ੍ਹ ਵਿੱਚ ਦੋ ਸਾਲ ਬਿਤਾਉਣ ਮਗਰੋਂ ਗੈਂਗਸਟਰ ਤੋਂ ਰਾਜਸੀ ਆਗੂ ਬਣੇ ਮੁਖਤਾਰ ਅੰਸਾਰੀ ਨੂੰ ਬੁੱਧਵਾਰ ਤੜਕੇ ਸਵੇਰੇ ਬਾਂਦਾ ਜੇਲ੍ਹ ਵਾਪਸ ਲਿਆਂਦਾ ਗਿਆ। ਉਸ ਨੂੰ ਇੱਕ ਐਂਬੂਲੈਂਸ ਰਾਹੀਂ ਰੂਪਨਗਰ ਤੋਂ ਉੱਤਰ ਪ੍ਰਦੇਸ਼ ’ਚ ਪੈਂਦੇ ਇਸ ਕਸਬੇ ਤੱਕ ਦੇ 900 ਕਿਲੋਮੀਟਰ ਲੰਮੇ ਸਫ਼ਰ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਲਿਆਂਦਾ ਗਿਆ।
ਉੱਤਰ ਪ੍ਰਦੇਸ਼ ਪੁਲੀਸ ਨੇ ਐਂਬੂਲੈਂਸ, ਦੰਗਾ ਵਿਰੋਧੀ ਪੁਲੀਸ ਵਾਹਨ ‘ਵਜਰ’ ਅਤੇ ਭਾਰੀ ਸੁਰੱਖਿਆ ਬਲ ਨਾਲ ਮੁਖਤਾਰ ਅੰਸਾਰੀ ਨੂੰ ਰੋਪੜ ਤੋਂ ਬਾਂਦਾ ਲਿਆਉਣ ਲਈ ਲਗਪਗ 14 ਘੰਟਿਆਂ ਦਾ ਸਫ਼ਰ ਕੀਤਾ। ਮੁਖਤਾਰ ਅੰਸਾਰੀ ਨੂੰ ਲੈ ਕੇ ਪੁਲੀਸ ਅਧਿਕਾਰੀਆਂ ਦਾ ਵਾਹਨ ਸਵੇਰੇ 4.30 ਵਜੇ ਬਾਂਦਾ ਜੇਲ੍ਹ ’ਚ ਦਾਖ਼ਲ ਹੋਇਆ। ਬਾਂਦਾ ਜੇਲ੍ਹ ਵੀ ਕੰਨਟੋਨਮੈਂਟ ਜ਼ੋਨ ਵਾਂਗ ਵਿਖਾਈ ਦੇ ਰਹੀ ਸੀ, ਜਿੱਥੇ ਪੁਲੀਸ ਮੁਲਾਜ਼ਮ ਸਾਰੇ ਪਾਸੇ ਬਾਜ਼ ਅੱਖ ਰੱਖ ਰਹੇ ਸਨ। ਪੰਜ ਵਾਰ ਵਿਧਾਇਕ ਰਹੇ ਮੁਖਤਾਰ ਅੰਸਾਰੀ ਨੂੰ ਬੈਰਕ ਨੰਬਰ 15 ਵਿੱਚ ਰੱਖਿਆ ਜਾਵੇਗਾ, ਜਿੱਥੇ ਉਸ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਰੱਖਿਆ ਗਿਆ ਸੀ। ਜੇਲ੍ਹ ਅਧਿਕਾਰੀਆਂ ਦੀ ਬੇਨਤੀ ’ਤੇ ਜੇਲ੍ਹ ’ਚ ਵਾਧੂ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ
ਸੁਪਰੀਮ ਕੋਰਟ ਵੱਲੋਂ ਅੰਸਾਰੀ ਦੀ ਪਤਨੀ ਦੀ ਅਪੀਲ ’ਤੇ ਸੁਣਵਾਈ ਭਲਕੇ
ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਗੈਂਗਸਟਰ ਤੋਂ ਰਾਜਸੀ ਆਗੂ ਬਣਏ ਮੁਖਤਾਰ ਅੰਸਾਰੀ ਦੀ ਪਤਨੀ ਦੀ ਅਪੀਲ ’ਤੇ ਸੁਣਵਾਈ ਭਲਕੇ 9 ਅਪਰੈਲ ਨੂੰ ਕੀਤੀ ਜਾਵੇਗੀ। ਅੰਸਾਰੀ ਦੀ ਪਤਨੀ ਨੇ ਅਦਾਲਤ ’ਚ ਅਪੀਲ ਦਾਖ਼ਲ ਕਰ ਕੇ ਸੂਬੇ ਵਿੱਚ ਉਸਦੇ ਪਤੀ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਸ ਖ਼ਿਲਾਫ਼ ਚੱਲ ਰਹੇ ਕੇਸਾਂ ’ਚ ਨਿਰਪੱਖ ਕਾਰਵਾਈ ਕਰਨ ਲਈ ਉੱਤਰ ਪ੍ਰਦੇਸ਼ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ। ਸਰਵਉੱਚ ਅਦਾਲਤ ਦੀ ਵੈੱਬਸਾਈਟ ਮੁਤਾਬਕ ਜਸਟਿਸ ਅਸ਼ੋਕ ਭੂਸ਼ਨ ਅਤੇ ਆਰ ਸੁਭਾਸ਼ ਰੈੱਡੀ 9 ਅਪਰੈਲ ਨੂੁੰ ਅਫਸ਼ਾਂ ਅੰਸਾਰੀ ਦੀ ਅਪੀਲ ’ਤੇ ਸੁਣਵਾਈ ਕਰਨਗੇ ਜਿਸਨੇ ਉੱਤਰ ਪ੍ਰਦੇਸ਼ ਵਿੱਚ ਉਸਦੇ ਪਤੀ ਨੂੰ ਮਾਰ ਦੇਣ ਦੀਆਂ ਸੰਭਾਵੀ ਕੋਸ਼ਿਸ਼ਾਂ ਸਬੰਧੀ ਤੌਖਲਾ ਪ੍ਰਗਟ ਕੀਤਾ ਹੈ। -ਪੀਟੀਆਈ
ਪੰਜਾਬ ਤੋਂ ਯੂਪੀ ਲਿਜਾਂਦਿਆਂ ਅੰਸਾਰੀ ਨੂੰ ਖਾਣਾ ਤੇ ਪਾਣੀ ਨਹੀਂ ਦਿੱਤਾ ਗਿਆ: ਅਫਜ਼ਲ ਅੰਸਾਰੀ
ਬਲੀਆ (ਯੂਪੀ): ਮੁਖਤਾਰ ਅੰਸਾਰੀ ਦੇ ਭਰਾ ਅਫਜ਼ਲ ਅੰਸਾਰੀ ਨੇ ਦੋਸ਼ ਲਾਇਆ ਹੈ ਕਿ ਪੰਜਾਬ ਤੋਂ ਬਾਂਦਾ ਜੇਲ੍ਹ ਤਬਦੀਲ ਕਰਨ ਸਮੇਂ ਉਸ ਨਾਲ ਅਣਮਨੁੱਖੀ ਵਰਤਾਓ ਕੀਤਾ ਗਿਆ। ਉਸ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਉਸ ਨੂੰ ਸੜਕ ਪਾਰ ਕਰਨ ਸਮੇਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੁੰਦਾ। ਹਾਲਾਂਕਿ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਬਾਂਦਾ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਟੀਮ ਨੇ ਮੁਖਤਾਰ ਅੰਸਾਰੀ ਦਾ ਮੁਆਇਨਾ ਕੀਤਾ ਸੀ ਅਤੇ ਇਸ ਦੌਰਾਨ ਸਿਹਤ ਸਬੰਧੀ ਕੋਈ ਸਮੱਸਿਆ ਨਹੀਂ ਸਾਹਮਣੇ ਆਈ। ਅਫਜ਼ਲ ਨੇ ਦੋਸ਼ ਲਾਇਆ ਕਿ ਸਫ਼ਰ ਦੌਰਾਨ ਉਸ ਨੁੂੰ ਮੈਡੀਕਲ ਸਹਾਇਤਾ ਵੀ ਨਹੀਂ ਦਿੱਤੀ ਗਈ ਜਿਸ ਕਾਰਨ ਉਸਦੀ ਤਬੀਅਤ ਵਿਗੜ ਗਈ ਤੇ ਉਹ ਨੀਮ-ਬੇਹੋਸ਼ੀ ਦੀ ਹਾਲਤ ’ਚ ਬਾਂਦਾ ਜੇਲ੍ਹ ਪੁੱਜਾ। -ਪੀਟੀਆਈ