ਸੈਫਈ, 11 ਅਕਤੂਬਰ
ਉੱਘੇ ਸਮਾਜਵਾਦੀ ਆਗੂ ਮੁਲਾਇਮ ਸਿੰਘ ਯਾਦਵ ਦੇ ਅੰਤਿਮ ਸੰਸਕਾਰ ਮੌਕੇ ਅੱਜ ਇੱਥੇ ਵੱਡੀ ਗਿਣਤੀ ’ਚ ਲੋਕ ਪੁੱਜੇ। ਯਾਦਵ ਦੀਆਂ ਅੰਤਿਮ ਰਸਮਾਂ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ’ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਸੈਫਈ ਵਿਚ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ (82) ਦਾ ਸੋਮਵਾਰ ਗੁਰੂਗ੍ਰਾਮ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ। ‘ਨੇਤਾਜੀ’ ਦੀ ਦੇਹ ਨੂੰ ਸੋਮਵਾਰ ਸ਼ਾਮ ਸੈਫਈ ਲਿਆਂਦਾ ਗਿਆ ਸੀ ਤੇ ਉਨ੍ਹਾਂ ਦੀ ‘ਕੋਠੀ’ ਵਿਚ ਰੱਖਿਆ ਗਿਆ ਸੀ ਜਿੱਥੇ ਵੱਡੀ ਗਿਣਤੀ ਲੋਕ ਆਪਣੇ ਮਹਬਿੂਬ ਨੇਤਾ ਨੂੰ ਸ਼ਰਧਾਂਜਲੀ ਦੇਣ ਲਈ ਜੁੜੇ। ਹਲਕੀ ਬੱਦਲਵਾਈ ਤੇ ਕਿਣਮਿਣ ਦੇ ਬਾਵਜੂਦ ਲੋਕਾਂ ਨੇ ਵੱਡੀ ਗਿਣਤੀ ਵਿਚ ਮੁਲਾਇਮ ਯਾਦਵ ਦੇ ਅੰਤਿਮ ਦਰਸ਼ਨ ਕੀਤੇ। ਯਾਦਵ ਦੀ ਦੇਹ ਨੂੰ ਅੱਜ ਸਵੇਰੇ ਦਸ ਵਜੇ ਘਰ ਤੋਂ ਮੇਲਾ ਗਰਾਊਂਡ ਲਿਆਂਦਾ ਗਿਆ ਤਾਂ ਕਿ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ। ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਏ ਟਰੱਕ ਵਿਚ ਲਿਆਂਦਾ ਗਿਆ ਜਿਸ ’ਚ ਮੁਲਾਇਮ ਯਾਦਵ ਦੇ ਪੁੱਤਰ ਤੇ ‘ਸਪਾ’ ਪ੍ਰਧਾਨ ਅਖਿਲੇਸ਼ ਯਾਦਵ, ਮੁਲਾਇਮ ਦੇ ਭਰਾ ਸ਼ਿਵਪਾਲ ਯਾਦਵ ਤੇ ਹੋਰ ਪਰਿਵਾਰਕ ਮੈਂਬਰ ਸਵਾਰ ਸਨ। ਟਰੱਕ ਦੇ ਨਾਲ-ਨਾਲ ਵੀ ਵੱਡੀ ਗਿਣਤੀ ਲੋਕ ਚੱਲੇ। ਮੰਗਲਵਾਰ ਸਵੇਰ ਤੋਂ ਹੀ ਪਾਰਟੀ ਵਰਕਰ ਤੇ ਲੋਕ ਸੈਫਈ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸ ਮੌਕੇ ਪੂਰਾ ਸੈਫਈ ਸਫੇਦ ਰੰਗ ਵਿਚ ਰੰਗਿਆ ਗਿਆ ਕਿਉਂਕਿ ਜ਼ਿਆਦਾਤਰ ਲੋਕ ਚਿੱਟੇ ਪਹਿਰਾਵੇ ’ਚ ‘ਨੇਤਾਜੀ’ ਦੀ ਆਖ਼ਰੀ ਝਲਕ ਦੇਖਣ ਲਈ ਪਹੁੰਚੇ ਸਨ।
‘ਸਪਾ’ ਆਗੂ ਨੂੰ ਅੱਜ ਸੈਫਈ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਆਗੂ ਮਲਿਕਾਰਜੁਨ ਖੜਗੇ ਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਤੋਂ ਇਲਾਵਾ ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਕਾਂਗਰਸ ਆਗੂ ਕਮਲ ਨਾਥ, ਟੀਡੀਪੀ ਆਗੂ ਐੱਨ. ਚੰਦਰਬਾਬੂ ਨਾਇਡੂ, ਐੱਨਸੀਪੀ ਆਗੂ ਪ੍ਰਫੁਲ ਪਟੇਲ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸੀਪੀਐਮ ਦੇ ਜਨਰਲ ਸਕੱਤਰ ਪ੍ਰਕਾਸ਼ ਕਰਾਤ ਤੇ ਖੱਬੇ ਪੱਖੀ ਆਗੂ ਸੀਤਾਰਾਮ ਯੇਚੁਰੀ ਵੀ ਹਾਜ਼ਰ ਸਨ। ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਿਜੇਸ਼ ਪਾਠਕ ਵੀ ਮੁਲਾਇਮ ਯਾਦਵ ਦੇ ਅੰਤਿਮ ਦਰਸ਼ਨਾਂ ਲਈ ਪੁੱਜੇ ਤੇ ਅਖਿਲੇਸ਼ ਯਾਦਵ ਨਾਲ ਦੁੱਖ ਸਾਂਝਾ ਕੀਤਾ। ਉਦਯੋਗਪਤੀ ਅਨਿਲ ਅੰਬਾਨੀ, ਯਾਦਵ ਦੇ ਭਰਾ ਤੇ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਸ਼ਿਵਪਾਲ ਯਾਦਵ, ਕਿਸਾਨ ਆਗੂ ਰਾਕੇਸ਼ ਟਿਕੈਤ, ‘ਆਪ’ ਆਗੂ ਸੰਜੈ ਸਿੰਘ ਵੀ ਅੰਤਿਮ ਸੰਸਕਾਰ ਮੌਕੇ ਹਾਜ਼ਰ ਸਨ। ਅਭਿਨੇਤਰੀ ਤੇ ‘ਸਪਾ’ ਦੀ ਸੰਸਦ ਮੈਂਬਰ ਜਯਾ ਬੱਚਨ ਵੀ ਆਪਣੇ ਪੁੱਤਰ ਅਭਿਸ਼ੇਕ ਬੱਚਨ ਨਾਲ ਇਸ ਮੌਕੇ ਪੁੱਜੀ। ਯੋਗ ਗੁਰੂ ਬਾਬਾ ਰਾਮਦੇਵ ਵੀ ਇਸ ਮੌਕੇ ਹਾਜ਼ਰ ਸਨ। -ਪੀਟੀਆਈ