ਨਵੀਂ ਦਿੱਲੀ, 19 ਜਨਵਰੀ
ਸਮਾਜਵਾਦੀ ਪਾਰਟੀ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਪਾਰਟੀ ਸਰਪ੍ਰਸਤ ਮੁਲਾਇਮ ਸਿੰਘ ਦੀ ਨੂੰਹ ਅਪਰਣਾ ਯਾਦਵ ਭਾਜਪਾ ’ਚ ਸ਼ਾਮਲ ਹੋ ਗਈ। ਅਪਰਣਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹਮੇਸ਼ਾ ਪ੍ਰਭਾਵਿਤ ਰਹੀ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਿੰਘ ਵੀ ਹਾਜ਼ਰ ਸਨ। ਸੂਤਰਾਂ ਮੁਤਾਬਕ ਭਾਜਪਾ ਅਪਰਣਾ ਨੂੰ ਚੋਣ ਮੈਦਾਨ ’ਚ ਉਤਾਰ ਸਕਦੀ ਹੈ।
ਸ੍ਰੀ ਮੋਦੀ ਦੇ ਸੋਹਲੇ ਗਾਉਂਦਿਆਂ ਅਪਰਣਾ ਨੇ ਕਿਹਾ ਕਿ ਉਸ ਨੇ ਦੇਸ਼ ਹਿੱਤ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ। ਉਸ ਨੇ ਭਾਜਪਾ ਸਰਕਾਰ ਦੀਆਂ ਮਹਿਲਾ ਸ਼ਕਤੀਕਰਨ, ਸਵੱਛਤਾ ਅਤੇ ਰੁਜ਼ਗਾਰ ਸਮੇਤ ਕਈ ਯੋਜਨਾਵਾਂ ਦੀ ਵੀ ਸ਼ਲਾਘਾ ਕੀਤੀ। ਅਪਰਣਾ ਯਾਦਵ, ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਦੇ ਪੁੱਤਰ ਪ੍ਰਤੀਕ ਯਾਦਵ ਨਾਲ ਵਿਆਹੀ ਹੋਈ ਹੈ ਜਦਕਿ ਸਮਾਜਵਾਦੀ ਪਾਰਟੀ ਦਾ ਪ੍ਰਧਾਨ ਅਖਿਲੇਸ਼ ਯਾਦਵ ਪਹਿਲੀ ਪਤਨੀ (ਮੁਲਾਇਮ ਦੀ) ਦਾ ਜਾਇਆ ਹੈ। ਯਾਦਵ ਪਰਿਵਾਰ ’ਚ ਤਰੇੜ ਉਸ ਸਮੇਂ ਆਈ ਹੈ ਜਦੋਂ ਵਿਧਾਨ ਸਭਾ ਚੋਣਾਂ ਲਈ ਅਖਿਲੇਸ਼ ਯਾਦਵ ਪਾਰਟੀ ਦਾ ਆਧਾਰ ਵਧਾਉਣ ’ਚ ਜੁਟੇ ਹੋਏ ਹਨ। ਮੌਰਿਆ ਨੇ ਅਖਿਲੇਸ਼ ਯਾਦਵ ’ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ’ਚ ਸਫ਼ਲ ਨਹੀਂ ਰਿਹਾ ਹੈ ਅਤੇ ਮੁੱਖ ਮੰਤਰੀ ਤੇ ਸੰਸਦ ਮੈਂਬਰ ਵਜੋਂ ਵੀ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਆਗੂ ਹਮੇਸ਼ਾ ਭਾਜਪਾ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਦਾ ਦਾਅਵਾ ਕਰਦਾ ਹੈ ਪਰ ਉਸ ’ਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਕਿਸੇ ਵੀ ‘ਵਿਕਸਤ’ ਕੀਤੀ ਗਈ ਥਾਂ ਤੋਂ ਚੋਣ ਲੜ ਸਕੇ।
ਅਪਰਣਾ ਯਾਦਵ ਦੀ ਸ਼ਲਾਘਾ ਕਰਦਿਆਂ ਮੌਰਿਆ ਨੇ ਕਿਹਾ ਕਿ ਉਹ ਸਮੇਂ ਸਮੇਂ ’ਤੇ ਆਪਣੇ ਵਿਚਾਰ ਪ੍ਰਗਟਾਉਂਦੀ ਰਹੀ ਹੈ ਜਿਸ ਤੋਂ ਉਸ ਦੇ ਭਾਜਪਾ ਵੱਲ ਝੁਕਾਅ ਦਾ ਪਤਾ ਲੱਗਦਾ ਹੈ। ਪਾਰਟੀ ’ਚ ਸ਼ਮੂਲੀਅਤ ਤੋਂ ਬਾਅਦ ਅਪਰਣਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਅਹੁਦੇਦਾਰਾਂ ਨਾਲ ਵੀ ਮੁਲਾਕਾਤ ਕੀਤੀ। ਅਪਰਣਾ ਯਾਦਵ ਨੇ 2017 ’ਚ ਲਖਨਊ ਕੈਂਟ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਚੋਣ ਲੜੀ ਸੀ ਪਰ ਉਹ ਭਾਜਪਾ ਦੀ ਰੀਟਾ ਬਹੂਗੁਣਾ (ਹੁਣ ਲੋਕ ਸਭਾ ਮੈਂਬਰ) ਤੋਂ ਚੋਣ ਹਾਰ ਗਈ ਸੀ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕਰਕੇ ਅਪਰਣਾ ਯਾਦਵ ਦੀ ਪਾਰਟੀ ’ਚ ਸ਼ਮੂਲੀਅਤ ਦਾ ਸਵਾਗਤ ਕੀਤਾ ਹੈ। -ਪੀਟੀਆਈ
ਮੁਲਾਇਮ ਨੇ ਅਪਰਣਾ ਨੂੰ ਮਨਾਉਣ ਦੀ ਕੀਤੀ ਸੀ ਕੋਸ਼ਿਸ਼: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਪਾਰਟੀ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਆਪਣੀ ਨੂੰਹ ਅਪਰਣਾ ਯਾਦਵ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਉਂਜ ਉਸ ਨੇ ਖੁਸ਼ੀ ਪ੍ਰਗਟਾਈ ਕਿ ਪਾਰਟੀ ਦੀ ਸਮਾਜਵਾਦੀ ਵਿਚਾਰਧਾਰਾ ਫੈਲ ਰਹੀ ਹੈ। ‘ਮੈਨੂੰ ਆਸ ਹੈ ਕਿ ਸਾਡੀ ਵਿਚਾਰਧਾਰਾ ਉਥੇ (ਭਾਜਪਾ) ਵੀ ਪਹੁੰਚੇਗੀ ਅਤੇ ਇਹ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦਾ ਕੰਮ ਕਰੇਗੀ।’ ਭਰਜਾਈ ਦੇ ਭਾਜਪਾ ’ਚ ਸ਼ਾਮਲ ਹੋਣ ਲਈ ਅਖਿਲੇਸ਼ ਨੇ ਅਪਰਣਾ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਵਿਧਾਨ ਸਭਾ ਚੋਣ ਲੜਨ ਜਾਂ ਨਾ ਲੜਨ ਦੀਆਂ ਕਿਆਸਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਆਪਣੇ ਸੰਸਦੀ ਹਲਕੇ ਆਜ਼ਮਗੜ੍ਹ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਗੇ। -ਪੀਟੀਆਈ