ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 28 ਅਗਸਤ
ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਟਿਕਾਣਿਆਂ ’ਤੇ ਅੱਜ ਜਿਵੇਂ ਹੀ ਪੁਲੀਸ ਨੇ ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ ਕੀਤੇ ਤਾਂ ਸਾਬਾਕਾ ਪੁਲੀਸ ਅਧਿਕਾਰੀ ਅਦਾਲਤ ਵਿੱਚ ਪੁੱਜ ਗਿਆ ਤੇ ਅਦਾਲਤ ਨੇ ਅਗਲੇ ਹੁਕਮਾਂ ਤੱਕ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ। ਸੈਣੀ ਨੇ ਆਪਣੇ ਵਕੀਲ ਏਪੀਐਸ ਦਿਉਲ ਰਾਹੀਂ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀ ਦਾਇਰ ਕਰਕੇ ਪੰਜਾਬ ਸਰਕਾਰ ‘ਤੇ ਅਦਾਲਤੀ ਹੁਕਮਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਗਲੇ ਹੁਕਮਾਂ ਤੱਕ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ। ਅਦਾਲਤ ਦੇ ਫੈਸਲੇ ਬਾਰੇ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਜਦੋਂ ਤੱਕ ਸੈਣੀ ਦੀ ਅਰਜ਼ੀ ਦਾ ਨਬਿੇੜਾ ਨਹੀਂ ਹੁੰਦਾ ਉਦੋਂ ਤੱਕ ਗ੍ਰਿਫ਼ਤਾਰੀ ‘ਤੇ ਅਰਜ਼ੀ ਰੋਕ ਬਰਕਰਾਰ ਰਹੇਗੀ।
ਅਗਲੀ ਸੁਣਵਾਈ ਇਕ ਸਤੰਬਰ ਨੂੰ ਹੋਵੇਗੀ। ਅੱਜ ਮੁਹਾਲੀ ਪੁਲੀਸ ਛਾਪੇ ਕਾਰਨ ਗ੍ਰਿਫ਼ਤਾਰੀ ਦੇ ਡਰੋਂ ਭੇਤਭਰੀ ਹਾਲਤ ਵਿੱਚ ਗਾਇਬ ਹੋ ਗਏ ਸੀ। ਪੁਲੀਸ ਕਰਮਚਾਰੀਆਂ ਨੇ ਚੰਡੀਗੜ੍ਹ ਦੇ ਸੈਕਟਰ-20 ਸਥਿਤ ਸੁਮੇਧ ਸੈਣੀ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਗਈ। ਘਰ ਦੇ ਬਾਹਰ ਤਾਇਨਾਤ ਸੁਰੱਖਿਆ ਅਮਲੇ ਨੇ ਪੁਲੀਸ ਨੂੰ ਦੱਸਿਆ ਗਿਆ ਕਿ ਉਹ ਘਰ ਨਹੀਂ ਹਨ, ਜਿਸ ਕਾਰਨ ਪੁਲੀਸ ਕਰਮਚਾਰੀ ਵਾਪਸ ਆ ਗਏ। ਇੱਥੋਂ ਦੇ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੇ ਨੇੜੇ ਸੁਮੇਧ ਸੈਣੀ ਦੇ ਫਾਰਮ ਹਾਊਸ ਵਿੱਚ ਵੀ ਪੁਲੀਸ ਪਾਰਟੀ ਨੇ ਛਾਪੇਮਾਰੀ ਕੀਤੀ। ਉਥੋਂ ਵੀ ਪੁਲੀਸ ਖਾਲ੍ਹੀ ਹੱਥ ਮੁੜ ਗਈ। ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਦੋਸ਼ ਲਾਇਆ ਕਿ ਸੁਮੇਧ ਸੈਣੀ ਨੇ ਆਪਣੇ ਘਰ ਅਤੇ ਹੋਰ ਟਿਕਾਣਿਆਂ ਤੋਂ ਗਾਇਬ ਹੋ ਕੇ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਧਾਰਾ 364 ਮਾਮਲੇ ਵਿੱਚ ਸੈਣੀ ਨੂੰ ਪੱਕੀ ਜ਼ਮਾਨਤ ਦੇਣ ਸਮੇਂ ਸਾਬਕਾ ਪੁਲੀਸ ਅਧਿਕਾਰੀ ਨੂੰ ਇਹ ਆਦੇਸ਼ ਦਿੱਤੇ ਸੀ ਕਿ ਉਹ ਸ਼ਹਿਰ ਛੱਡ ਕੇ ਬਾਹਰ ਨਹੀਂ ਜਾਣਗੇ। ਸ੍ਰੀ ਵਿਰਕ ਨੇ ਕਿਹਾ ਕਿ ਜੇਕਰ ਸੈਣੀ ਖ਼ੁਦ ਨੂੰ ਏਨਾ ਦਲੇਰ ਅਫ਼ਸਰ ਮੰਨਦਾ ਹੈ ਤਾਂ ਹੁਣ ਉਹ ਗ੍ਰਿਫ਼ਤਾਰੀ ਦੇ ਡਰੋਂ ਕਿਉਂ ਭੱਜ ਰਹੇ ਹਨ। ਉਨ੍ਹਾਂ ਨੂੰ ਗ੍ਰਿਫ਼ਤਾਰ ਹੋ ਕੇ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ।ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਅਦਾਲਤ ਦੇ ਤਾਜ਼ਾ ਫੈਸਲੇ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸਟੇਟ, ਪੀੜਤ ਪਰਿਵਾਰ ਨੂੰ ਸੁਣੇ ਬਗ਼ੈਰ ਸੈਣੀ ਨੂੰ ਆਰਜ਼ੀ ਜ਼ਮਾਨਤ ਦਿੱਤੀ ਗਈ ਹੈ, ਜਦੋਂਕਿ ਸੈਣੀ ਖਿਲਾਫ਼ ਗੰਭੀਰ ਦੋਸ਼ ਹਨ।