ਨਵੀਂ ਦਿੱਲੀ, 23 ਜੁਲਾਈ
ਮੋਹਰੀ ਮਲਟੀਪਲੈਕਸਾਂ ਦੀਆਂ ਚੇਨਾਂ ਦੇ ਸੀਈਓਜ਼ ਦਾ ਕਹਿਣਾ ਹੈ ਕਿ ਜੇਕਰ ਅਗਲੇ ਮਹੀਨੇ ‘ਅਣਲੌਕ 3’ ਤਹਿਤ ਸਰਕਾਰ ਮੁੜ ਤੋਂ ਥੀਏਟਰ ਤੇ ਮਲਟੀਪਲੈਕਸ ਖੋਲ੍ਹਣ ਦੀ ਮਨਜ਼ੂਰੀ ਦਿੰਦੀ ਹੈ ਤਾਂ ਡਿਜੀਟਲ ਟਿਕਟਾਂ, ਸੀਟਾਂ ’ਚ ਫ਼ਾਸਲਾ, ਮੁਕੰਮਲ ਸੈਨੇਟਾਈਜ਼ੇਸਨ ਉਨ੍ਹਾਂ ਸੁਰੱਖਿਆ ਨੇਮਾਂ ਦਾ ਹਿੱਸਾ ਹੋਣਗੇ ਜੋ ਮਲਟੀਪਲੈਕਸਾਂ ਵੱਲੋਂ ਲਾਗੂ ਕੀਤੇ ਜਾਣਗੇ।
ਮਲਟੀਪਲੈਕਸ ਸਨਅਤ ਵਿੱਚ ਮੋਹਰੀ ਇਨੌਕਸ, ਪੀਵੀਆਰ ਪਿਕਚਰਜ਼ ਤੇ ਸਿਨੇਪੋਲਿਸ ਇੰਡੀਆ ਨੇ ਕਿਹਾ ਕਿ ਭਾਰਤੀ ਮਲਟੀਪਲੈਕਸ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਬਣਾਏ ਗਏ ਐੱਸਓਪੀਜ਼ (ਸਟੈਂਡਰਡ ਅਪਰੇਟਿੰਗ ਪ੍ਰੋਸੀਜਰਜ਼) ਇਸ ਮਹੀਨੇ ਦੇ ਸ਼ੁਰੂ ਵਿੱਚ ਵੱਖ-ਵੱਖ ਕੇਂਦਰੀ ਮੰਤਰਾਲਿਆਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਲਾਵਾ ਨੀਤੀ ਆਯੋਗ ਕੋਲ ਜਮ੍ਹਾਂ ਕਰਵਾਏ ਗਏ ਸਨ।
ਪੀਵੀਆਰ ਪਿਕਚਰਜ਼ ਦੇ ਸੀਈਓ ਕਮਲ ਗਿਆਨਚੰਦਾਨੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਸੀਟਾਂ ਵਿਚਾਲੇ ਆਟੋਮੈਟਿਕ ਦੂਰੀ, ਸਿਨੇਮਾ ਦੀ ਨਿਯਮਤ ਸਫ਼ਾਈ ਤੇ ਰੋਗਾਣੂਮੁਕਤ ਕਰਨਾ, ਲਾਬੀ ਏਰੀਆ ਤੇ ਹੋਰ ਛੂਹੀ ਜਾਣ ਵਾਲੀਆਂ ਥਾਵਾਂ ਜਿਵੇਂ ਕਿ ਰੇਲਿੰਗ ਤੇ ਦਰਵਾਜ਼ਿਆਂ ਨੂੰ ਰੋਗਾਣੂਮੁਕਤ ਕਰਨਾ ਅਤੇ ਬੁਖ਼ਾਰ ਚੈੱਕ ਕਰਨਾ ਆਦਿ ਵਿਸ਼ਵ ਪੱਧਰੀ ਮਿਆਰ ਹਨ ਜੋ ਸਿਨੇਮਾਘਰਾਂ ਵਿੱਚ ਅਪਣਾਏ ਜਾਣਗੇ।’’ ਉਨ੍ਹਾਂ ਕਿਹਾ, ‘‘ਇਕ ਮਲਟੀਪਲੈਕਸ ਵਿੱਚ ਇਕੋ ਸਮੇਂ ’ਤੇ ਦੋ ਸਕਰੀਨਾਂ ’ਚ ਫਿਲਮ ਨਹੀਂ ਚੱਲੇਗੀ। ਅਸੀਂ ਇੰਟਰਵਲ ਇਸ ਤਰ੍ਹਾਂ ਕਰਾਂਗੇ ਕਿ ਉਨ੍ਹਾਂ ਵਿਚਾਲੇ ਘੱਟੋ ਘੱਟ 15 ਤੋਂ 30 ਮਿੰਟਾਂ ਦਾ ਫ਼ਾਸਲਾ ਹੋਵੇ। -ਪੀਟੀਆਈ