ਮੁੰਬਈ, 19 ਅਗਸਤ
ਮੁੰਬਈ ਦੇ ਬੋਰੀਵਲੀ ਇਲਾਕੇ ਵਿੱਚ ਅੱਜ ਖਸਤਾਹਾਲ ਪੰਜ-ਮੰਜ਼ਿਲਾ ਇਮਾਰਤ ਢਹਿ ਗਈ। ਇਸ ਘਟਨਾ ’ਚ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਊ ਅਮਲਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਮਲਬੇ ਹੇਠਾਂ ਕੋਈ ਫਸਿਆ ਤਾਂ ਨਹੀਂ। ਉਨ੍ਹਾਂ ਕਿਹਾ, ‘‘ ਬੋਰੀਵਲੀ ਪੱਛਮੀ ਦੇ ਸਾਈਂ ਬਾਬਾ ਨਗਰ ’ਚ ਸਾਈਂ ਬਾਬਾ ਮੰਦਰ ਨੇੜੇ ਗੀਤਾਂਜਲੀ ਇਮਾਰਤ ਦੁਪਹਿਰ 12.30 ਵਜੇ ਦੇ ਕਰੀਬ ਢਹਿ ਗਈ। ਸੂਚਨਾ ਮਿਲਣ ਮਗਰੋਂ ਮੁੰਬਈ ਦੀਆਂ ਅੱਠ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਦੋ ਰਾਹਤ ਵੈਨਾਂ ਤੋਂ ਇਲਾਵਾ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ।’’ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ ਆਰ-ਸੈਂਟਰਲ ਵਾਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਮਾਰਤ ਖਸਤਾ ਹਾਲ ਐਲਾਨ ਕੇ ਖਾਲੀ ਕਰਵਾ ਦਿੱਤੀ ਗਈ ਸੀ। -ਪੀਟੀਆਈ