ਚੇਨੱਈ, 9 ਅਪਰੈਲ
ਇਥੋਂ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਉਦਘਾਟਨ ਮੈਚ ਵਿੱਚ ਰਾਇਲ ਚੈਲੰਜਰਸ ਬੈਂਗਲੌਰ ਨੇ ਮੁੰਬਈ ਇੰਡੀਅਨਜ਼ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਬੈਂਗਲੌਰ ਦੀ ਟੀਮ ਨੇ ਮਿਲਿਆ 160 ਦੌੜਾਂ ਦਾ ਟੀਚਾ ਆਖਰੀ ਓਵਰ ਦੀ ਆਖਰੀ ਗੇਂਦ ’ਤੇ ਹਾਸਲ ਕੀਤਾ। ਟੀਮ ਦੀ ਜਿੱਤ ਵਿੱਚ ਵਿੱਚ ਕਪਤਾਨ ਵਿਰਾਟ ਕੋਹਲੀ ਨੇ 33, ਏ.ਬੀ. ਡਿਵਿਲੀਅਰਜ਼ ਨੇ 48 ਅਤੇ ਗਲੇਨ ਮੈਕਸਵੈੱਲ ਨੇ 39 ਦੌੜਾਂ ਦਾ ਯੋਗਦਾਨ ਪਾਇਆ। ਵਸ਼ਿੰਗਟਨ ਸੁੰਦਰ ਨੇ 10 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ’ਤੇ 159 ਦੌੜਾਂ ਬਣਾਈਆਂ। ਕ੍ਰਿਸ ਲਿਨ ਨੇ 49 ਦੌੜਾਂ ਤੇ ਸੂਰਿਆ ਕੁਮਾਰ ਯਾਦਵ ਨੇ 31 ਦੌੜਾਂ ਬਣਾਈਆਂ। ਬੰਗਲੌਰ ਦੇ ਗੇਂਦਬਾਜ਼ ਹਰਸ਼ਲ ਪਟੇਲ ਨੇ 27 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਪਟੇਲ ਭਾਵੇਂ ਹੈਟ੍ਰਿਕ ਤੋਂ ਖੁੰਝ ਗਿਆ ਪਰ ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਮੁੰਬਈ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਨਾ ਖੇਡਣ ਦਿੱਤਾ। ਦੂਜੇ ਪਾਸੇ ਟੀਚਾ ਦਾ ਪਿੱਛਾ ਕਰਦਿਆਂ ਬੰਗਲੌਰ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਤੇ ਟੀਮ ਦੀਆਂ ਦੋ ਵਿਕਟਾਂ 46 ਦੌੜਾਂ ’ਤੇ ਡਿੱਗ ਗਈਆਂ ਪਰ ਕਪਤਾਨ ਵਿਰਾਟ ਕੋਹਲੀ ਤੇ ਗਲੈਨ ਮੈਕਸਵੈਲ ਨੇ ਦੌੜਾਂ ਬਣਾਉਣ ਦੀ ਰਫਤਾਰ ਵਧਾ ਦਿੱਤੀ। ਵਿਰਾਟ ਨੂੰ ਜਸਪ੍ਰੀਤ ਬੁਮਰਾਹ ਨੇ 33 ਦੌੜਾਂ ’ਤੇ ਐੱਲਬੀਡਬਲਿਊ ਆਊਟ ਕੀਤਾ। ਇਸ ਮਗਰੋਂ ਮੈਕਸਵੈੱਲ ਵੀ 39 ਦੌੜਾਂ ਬਣਾ ਕੇ ਆਊਟ ਹੋ ਗਿਆ। ਏ.ਬੀ. ਡਿਵਿਲੀਅਰਜ਼ ਨੇ 48 ਦੌੜਾਂ ਬਣਾਉਂਦਿਆਂ ਟੀਮ ਨੂੰ ਜਿੱਤ ਵੱਲ ਪਹੁੰਚਾਇਆ। ਬੰਗਲੌਰ ਨੇ ਜੇਤੂ ਟੀਚਾ ਆਖਰੀ ਓਵਰ ਦੀ ਆਖਰੀ ਗੇਂਦ ’ਤੇ ਪੂਰਾ ਕੀਤਾ।