ਮੁੰਬਈ, 7 ਜੂਨ
ਮੁੰਬਈ ਦੇ ਚੈਂਬੂਰ, ਘਾਟਕੋਪਰ ਤੇ ਨੇੜਲੇ ਇਲਾਕਿਆਂ ਤੋਂ ਨਗਰ ਨਿਗਮ ਨੂੰ ਗੈਸ ਲੀਕ ਹੋਣ ਬਾਰੇ ਕਈ ਫੋਨ ਆਉਣ ਤੋਂ ਬਾਅਦ ਆਫ਼ਤ ਪ੍ਰਬੰਧਨ ਅਮਲੇ ਤੇ ਅੱਗ ਬੁਝਾਊ ਅਮਲੇ ਨੂੰ ਤਾਇਨਾਤ ਕੀਤਾ ਗਿਆ। ਸ਼ਨਿਚਰਵਾਰ ਰਾਤ ਨਿਗਮ ਨੂੰ ਪੋਵਈ ਤੇ ਵਿਖਰੋਲੀ ਤੋਂ ਵੀ ਲੋਕਾਂ ਨੇ ਫੋਨ ਕੀਤੇ ਤੇ ਕਿਹਾ ਕਿ ਗੈਸ ਲੀਕ ਹੋਣ ਵਰਗੀ ਗੰਧ ਆ ਰਹੀ ਹੈ। ਫਾਇਰ ਬ੍ਰਿਗੇਡ ਨੇ ਅੱਜ ਸਪੱਸ਼ਟ ਕੀਤਾ ਕਿ ਇਨ੍ਹਾਂ ਖੇਤਰਾਂ ਵਿਚ ਗੈਸ ਲੀਕ ਹੋਣ ਵਰਗੀ ਕੋਈ ਘਟਨਾ ਨਹੀਂ ਵਾਪਰੀ। ਇਸ ਤੋਂ ਪਹਿਲਾਂ ਆਫ਼ਤ ਪ੍ਰਬੰਧਨ ਕੰਟਰੋਲ ਰੂਮ ਨੇ ਗੋਵੰਡੀ ਸਥਿਤ ਅਮਰੀਕੀ ਵਿਟਾਮਿਨ ਕੰਪਨੀ ਦੇ ਯੂਨਿਟ ਦਾ ਜਾਇਜ਼ਾ ਲਿਆ ਜਿੱਥੋਂ ਗੈਸ ਲੀਕ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਹਾਲਾਂਕਿ ਇੱਥੇ ਅਜਿਹਾ ਕੁਝ ਨਹੀਂ ਵਾਪਰਿਆ।
ਇਲਾਕੇ ਵਿਚ ਸਥਿਤ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਭਾਰਤ ਪੈਟਰੋਲੀਅਮ, ਮਹਾਨਗਰ ਗੈਸ ਲਿਮਟਿਡ, ਰਾਸ਼ਟਰੀਆ ਰਸਾਇਣ ਤੇ ਖਾਦ ਯੂਨਿਟ ਨੂੰ ਵੀ ਸੂਚਿਤ ਕੀਤਾ ਗਿਆ। ਮੁੰਬਈ ਨਗਰ ਨਿਗਮ ਨੇ ਕਿਹਾ ਕਿ ਹੁਣ ਸਥਿਤੀ ਕਾਬੂ ਹੇਠ ਹੈ ਤੇ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਗੰਧ ਦੇ ਸਰੋਤ ਬਾਰੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ