ਮੁੰਬਈ, 6 ਅਗਸਤ
ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦੀ ਪਤਨੀ ਵਰਸ਼ਾ ਰਾਊਤ ਮਨੀ ਲਾਂਡਰਿੰਗ ਮਾਮਲੇ ‘ਚ ਅੱਜ ਮੁੰਬਈ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਈ। ਈਡੀ ਨੇ ਉਨ੍ਹਾਂ ਤੋਂ ਨੌਂ ਘੰਟੇ ਪੁੱਛਗਿਛ ਕੀਤੀ। ਕੇਂਦਰੀ ਏਜੰਸੀ ਇਸ ਮਾਮਲੇ ਵਿੱਚ ਸੰਜੇ ਰਾਊਤ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਈਡੀ ਨੇ ਇਸ ਹਫਤੇ ਦੀ ਸ਼ੁਰੂਆਤ ‘ਚ ਵਰਸ਼ਾ ਰਾਊਤ ਨੂੰ ਸੰਮਨ ਭੇਜਿਆ ਸੀ। ਉਹ ਸਵੇਰੇ 10.40 ਵਜੇ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਈਡੀ ਦੇ ਦਫਤਰ ਪਹੁੰਚੀ। ਈਡੀ ਦਫ਼ਤਰ ਤੋਂ ਬਾਹਰ ਨਿਕਲਣ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਈਡੀ ਅਧਿਕਾਰੀਆਂ ਦੇ ਸਭਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ।ਉਨ੍ਹਾਂ ਕਿਹਾ ਕਿ ਉਹ ਸ਼ਿਵ ਸੈਨਾ ਨਹੀਂ ਛੱਡਣਗੇ ਅਤੇ ਊਧਵ ਠਾਕਰੇ ਦਾ ਸਮਰਥਨ ਕਰਦੇ ਰਹਿਣਗੇ। ਇਸ ਮੌਕੇ ਈਡੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਸਨ। –ਏਜੰਸੀ