ਜੰਮੂ, 4 ਅਕਤੂਬਰ
ਜੰਮੂ-ਕਸ਼ਮੀਰ ਦੇ ਡੀਜੀਪੀ (ਜੇਲ੍ਹਾਂ) ਹੇਮੰਤ ਲੋਹੀਆ ਦੀ ਇੱਥੇ ਉਨ੍ਹਾਂ ਦੀ ਰਿਹਾਇਸ਼ ‘ਤੇ ਹੱਤਿਆ ਕਰ ਦਿੱਤੀ ਗਈ ਅਤੇ ਪੁਲੀਸ ਨੂੰ ਉਸ ਦੇ ਫ਼ਰਾਰ ਘਰੇਲੂ ਨੌਕਰ ਨੂੰ ਸ਼ੱਕ ਦੇ ਅਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਘਟਨਾ ਨੂੰ ਬਹੁਤ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਘਰੇਲੂ ਨੌਕਰ ਦੀ ਪਛਾਣ ਯਾਸਿਰ ਅਹਿਮਦ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਸ਼ਕੂਕ ਨੇ 57 ਸਾਲਾ ਲੋਹੀਆ ਨੂੰ ਵੀ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਲੋਹੀਆ ਨੂੰ ਅਗਸਤ ਵਿੱਚ ਜੇਲ੍ਹਾਂ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ।
ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ (ਜੰਮੂ ਖੇਤਰ) ਮੁਕੇਸ਼ ਸਿੰਘ ਨੇ ਦੱਸਿਆ ਕਿ 52 ਸਾਲਾ ਲੋਹੀਆ 1992 ਬੈਚ ਦੇ ਆਈਪੀਐੱਸ ਅਧਿਕਾਰੀ ਸਨ। ਉਨ੍ਹਾਂ ਦੀ ਲਾਸ਼ ਸ਼ਹਿਰ ਦੇ ਬਾਹਰਵਾਰ ਆਪਣੇ ਉਦੇਵਾਲਾ ਸਥਿਤ ਰਿਹਾਇਸ਼ ‘ਤੇ ਮਿਲੀ ਤੇ ਉਨ੍ਹਾਂ ਦੀ ਹੱਤਿਆ ਗਲ ਵੱਢ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੋਹੀਆ ਨੇ ਆਪਣੇ ਪੈਰ ‘ਤੇ ਤੇਲ ਮਲਿਆ ਸੀ, ਜਿਸ ’ਤੇ ਸੋਜ ਦਿਖਾਈ ਦੇ ਰਹੀ ਸੀ। ਕਾਤਲ ਨੇ ਲੋਹੀਆ ਦਾ ਗਲਾ ਵੱਢਣ ਲਈ ‘ਕੈਚੱਪ’ ਦੀ ਟੁੱਟੀ ਹੋਈ ਬੋਤਲ ਦੀ ਵਰਤੋਂ ਕੀਤੀ ਅਤੇ ਬਾਅਦ ਵਿਚ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਏਡੀਜੀਪੀ ਨੇ ਕਿਹਾ ਕਿ ਅਧਿਕਾਰੀ ਦੀ ਰਿਹਾਇਸ਼ ‘ਤੇ ਮੌਜੂਦ ਚੌਕੀਦਾਰਾਂ ਨੇ ਕਮਰੇ ਦੇ ਅੰਦਰ ਅੱਗ ਦੇਖੀ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਦਰਵਾਜ਼ਾ ਤੋੜਨਾ ਪਿਆ।