ਪੱਤਰ ਪ੍ਰੇਰਕ
ਯਮੁਨਾਨਗਰ, 10 ਮਈ
ਜਗਾਧਰੀ ਦੀ ਪੁਰਾਣੀ ਅਨਾਜ ਮੰਡੀ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਬਜ਼ੁਰਗ ਜੋੜੇ ਦੀ ਹੱਤਿਆ ਕਰ ਦਿੱਤੀ। ਇਸ ਦੌਰਾਨ ਘਰ ਵਿੱਚੋਂ ਗਹਿਣੇ ਗਾਇਬ ਮਿਲੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਬੈਂਕ ਤੋਂ ਸੇਵਾਮੁਕਤ ਰਿਸ਼ੀ ਪਾਲ ਗੋਇਲ (80) ਆਪਣੀ ਪਤਨੀ ਸਨੇਹ ਲਤਾ (75) ਨਾਲ ਜਗਾਧਰੀ ਦੀ ਅਨਾਜ ਮੰਡੀ ਵਿੱਚ ਬਣਾਏ ਮਕਾਨ ਵਿੱਚ ਰਹਿੰਦਾ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਪਾਉਂਟਾ ਸਾਹਿਬ ਰਹਿੰਦੇ ਹਨ। ਬੀਤੀ ਰਾਤ ਕਿਸੇ ਨੇ ਰਿਸ਼ੀ ਪਾਲ ਦਾ ਸਿਰਹਾਣੇ ਨਾਲ ਮੂੰਹ ਦਬਾ ਕੇ ਅਤੇ ਉਸ ਦੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਰਿਸ਼ੀ ਪਾਲ ਗੋਇਲ ਨੇ ਕਿਸੇ ਵਿਅਕਤੀ ਨੂੰ ਮੋਟੀ ਰਕਮ ਫਾਇਨਾਂਸ ਕੀਤੀ ਹੋਈ ਸੀ। ਉਨ੍ਹਾਂ ਦੀ ਨੂੰਹ ਰੇਣੂਕਾ ਨੇ ਦੱਸਿਆ ਕਿ ਉਸ ਦੀ ਬੀਤੀ ਰਾਤ ਉਨ੍ਹਾਂ ਨਾਲ ਲੰਮੀ ਗੱਲਬਾਤ ਹੋਈ ਸੀ। ਸਵੇਰੇ ਜਦੋਂ ਉਨ੍ਹਾਂ ਨੇ ਫੋਨ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ, ਜਿਸ ’ਤੇ ਉਨ੍ਹਾਂ ਨੇ ਗੁਆਂਢੀਆਂ ਨੂੰ ਵੇਖਣ ਲਈ ਕਿਹਾ। ਗੁਆਂਢੀਆਂ ਨੇ ਜਦੋਂ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਜੋੜੇ ਦੀਆਂ ਲਾਸ਼ਾਂ ਪਈਆਂ ਸਨ। ਐੱਸਪੀ ਕਮਲਦੀਪ ਗੋਇਲ ਨੇ ਕਿਹਾ ਕਿ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।