ਮੁੰਬਈ, 16 ਜੂਨ
ਸੰਗੀਤਕਾਰ ਬੀ ਪਰਾਕ ਅਤੇ ਉਸ ਦੀ ਪਤਨੀ ਮੀਰਾ ਨੇ ਆਖਿਆ ਕਿ ਉਨ੍ਹਾਂ ਦੇ ਬੱਚੇ ਦੀ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਗਈ। ਉਨ੍ਹਾਂ ਇਸ ਘਟਨਾ ਨੂੰ ਮਾਤਾ-ਪਿਤਾ ਲਈ ਜੀਵਨ ਦਾ ਸਭ ਤੋਂ ਦੁੱਖਦਾਈ ਪਲ ਕਰਾਰ ਦਿੱਤਾ ਹੈ। ਇਹ ਉਨ੍ਹਾਂ ਦਾ ਦੂਜਾ ਬੱਚਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ 2020 ਵਿੱਚ ਪੁੱਤਰ ਅਦਬ ਨੇ ਜਨਮ ਲਿਆ ਸੀ। ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੱਤਰ ਸਾਂਝਾ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਦੀ ਨਿੱਜਤਾ ਦਾ ਖ਼ਿਆਲ ਰੱਖਣ। ਬੀ ਪਰਾਕ ਨੇ ਆਖਿਆ, ‘ਬਹੁਤ ਹੀ ਦੁੱਖ ਨਾਲ ਅਸੀਂ ਇਹ ਦੱਸ ਰਹੇ ਹਾਂ ਕਿ ਸਾਡਾ ਨਵ-ਜੰਮਿਆ ਬੱਚਾ ਜਨਮ ਵੇਲੇ ਹੀ ਸਾਡੇ ਤੋਂ ਵਿਛੜ ਗਿਆ। ਮਾਤਾ-ਪਿਤਾ ਹੋਣ ਨਾਤੇ ਅਸੀਂ ਇਸ ਵੇਲੇ ਸਭ ਤੋਂ ਦੁੱਖਦਾਈ ਦੌਰ ਵਿੱਚੋਂ ਲੰਘ ਰਹੇ ਹਾਂ। ਅਸੀਂ ਆਪਣੇ ਡਾਕਟਰਾਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਆਖ਼ਰੀ ਪਲ ਤੱਕ ਉਸ ਨੂੰ ਬਚਾਉਣ ਦਾ ਯਤਨ ਕੀਤਾ।’ -ਆਈਏਐੱਨਐੱਸ