ਛੱਤੀਸਗੜ੍ਹ, 7 ਜਨਵਰੀ
ਇੱਥੋਂ ਦੇ ਸਰਗੁਜਾ ਜ਼ਿਲ੍ਹੇ ਵਿੱਚ ਕੁੱਟਮਾਰ ਦੀ ਘਟਨਾ ਮਗਰੋਂ ਪਿੰਡ ਵਾਸੀਆਂ ਨੇ ਮੁਸਲਿਮ ਭਾਈਚਾਰੇ ਦੇ ਬਾਈਕਾਟ ਕਰਨ ਦੀ ਸਹੁੰ ਚੁੱਕੀ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਜ਼ਿਲ੍ਹਾ ਪ੍ਰ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਮਹੀਨੇ ਦੀ ਪੰਜ ਤਾਰੀਖ਼ ਨੂੰ ਜ਼ਿਲ੍ਹੇ ਦੇ ਲੁੰਡਰਾ ਪੁਲੀਸ ਥਾਣੇ ਅਧੀਨ ਕੁੰਦੀਕਲਾ ਪਿੰਡ ਵਿੱਚ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਨਾਲ ਕਿਸੇ ਤਰ੍ਹਾਂ ਦਾ ਸਬੰਧ ਨਾ ਰੱਖਣ ਦੀ ਸਹੁੰ ਚੁੱਕੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਲੋਕ ਇਹ ਕਹਿੰਦੇ ਹੋਏ ਸੁਣਾਈ ਦਿੰਦੇ ਹਨ ਕਿ ਅਸੀਂ ਸਹੁੰ ਚੁੱਕਦੇ ਹਾਂ ਅੱਜ ਤੋਂ ਅਸੀਂ ਹਿੰਦੂ, ਕਿਸੇ ਵੀ ਮੁਸਲਮਾਨ ਦੁਕਾਨਦਾਰ ਤੋਂ ਕਿਸੇ ਤਰ੍ਹਾਂ ਦਾ ਸਾਮਾਨ ਨਹੀਂ ਖਰੀਦਾਂਗੇ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਾਮਾਨ ਵੇਚਾਂਗੇ। ਅੱਜ ਤੋਂ ਅਸੀਂ ਕਿਸੇ ਮੁਸਲਮਾਨ ਨੂੰ ਨਾ ਆਪਣੀ ਜ਼ਮੀਨ ਪਟੇ ’ਤੇ ਦੇਵਾਂਗੇ ਅਤੇ ਨਾ ਲਵਾਂਗੇ। ਜੋ ਰੇਹੜੀਵਾਲਾ ਹਿੰਦੂ ਹੋਵੇਗਾ ਉਸ ਤੋਂ ਹੀ ਸਾਮਾਨ ਖਰੀਦਿਆ ਜਾਵੇਗਾ। ਸਰਗੁਜਾ ਦੇ ਕੁਲੈਕਟਰ ਸੰਜੀਵ ਝਾਅ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਮਗਰੋਂ ਜ਼ਿਲ੍ਹੇ ਦੇ ਏਐੱਸਪੀ ਅਤੇ ਐਸਡੀਐੱਮ ਨੇ ਪਿੰਡ ਦਾ ਦੌਰਾ ਕੀਤਾ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸਰਗੁਜਾ ਦੇ ਏਐੱਸਪੀ ਵਿਵੇਕ ਸ਼ੁਕਲਾ ਨੇ ਕਿਹਾ ਕਿ ਗੁਆਂਢੀ ਜ਼ਿਲ੍ਹੇ ਬਲਰਾਮਪੁਰ ਦੇ ਪਿੰਡ ਆਰਾ ਦੇ ਕੁੱਝ ਵਾਸੀ ਨਵੇਂ ਸਾਲ ਦਾ ਜਸ਼ਨ ਮਨਾਉਣ ਪਿੰਡ ਕੁੰਦੀਕਲਾ ਗਏ ਸਨ। ਇਸ ਦੌਰਾਨ ਉਥੋਂ ਦੇ ਲੋਕਾਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਇੱਕ ਕੁੰਦੀਕਲਾ ਵਾਸੀ ਨੇ ਸ਼ਿਕਾਇਤ ਦਰਜ ਕਰਾਈ ਕਿ ਆਰਾ ਪਿੰਡ ਦੇ ਅੱਧੀ ਦਰਜਨ ਵਿਅਕਤੀਆਂ ਨੇ ਉਸ ਦੇ ਘਰ ਆ ਕੇ ਉਸ ਦੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਪੁਲੀਸ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਮੁਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। -ਪੀਟੀਆਈ