ਬਲੀਆ, 7 ਦਸੰਬਰ
ਮੁੱਖ ਅੰਸ਼
- ਮੰਤਰੀ ਰਾਮ ਸਵਰੂਪ ਸ਼ੁਕਲਾ ਮੁਤਾਬਕ ਹਿੰਦੂਆਂ ਨੂੰ ਠੇਸ ਪਹੁੰਚਾ ਰਹੇ ਨੇ ‘ਸਫ਼ੈਦ ਭਵਨ’
- ਭਾਰਤ ਦੇ ਸਾਰੇ ਮੁਸਲਮਾਨਾਂ ਨੂੰ ਕਰਨੀ ਚਾਹੀਦੀ ਹੈ ‘ਘਰ ਵਾਪਸੀ’
ਯੂਪੀ ਦੀ ਭਾਜਪਾ ਸਰਕਾਰ ਦੇ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ ਕਿਹਾ ਹੈ ਕਿ ਮਥੁਰਾ ਵਿਚ ਸ੍ਰੀ ਕ੍ਰਿਸ਼ਨ ਜਨਮਭੂਮੀ ਨੇੜਲੀ ਮਸਜਿਦ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਸੌਂਪ ਦੇਣੀ ਚਾਹੀਦੀ ਹੈ। ਉਨ੍ਹਾਂ ਇਸ ਨੂੰ ‘ਸਫ਼ੈਦ ਭਵਨ’ ਕਹਿ ਕੇ ਸੰਬੋਧਨ ਕੀਤਾ। ਭੜਕਾਊ ਬਿਆਨ ਦਿੰਦਿਆਂ ਉਨ੍ਹਾਂ ਸੋਮਵਾਰ ਕਿਹਾ ਕਿ ਅਦਾਲਤ ਨੇ ਭਾਵੇਂ ਅਯੁੱਧਿਆ ਮਸਲਾ ਸੁਲਝਾ ਦਿੱਤਾ ਹੈ, ਪਰ ਵਾਰਾਨਸੀ ਤੇ ਮਥੁਰਾ ਵਿਚ ‘ਸਫ਼ੈਦ ਭਵਨ’ ਹਿੰਦੂਆਂ ਨੂੰ ਠੇਸ ਪਹੁੰਚਾ ਰਹੇ ਹਨ। ਸ਼ੁਕਲਾ ਨੇ ਕਿਹਾ, ‘ਸਮਾਂ ਆਏਗਾ ਜਦ ਮਥੁਰਾ ਵਿਚਲਾ ਸਫ਼ੈਦ ਭਵਨ ਜੋ ਕਿ ਹਰ ਹਿੰਦੂ ਨੂੰ ਠੇਸ ਪਹੁੰਚਾਉਂਦਾ ਹੈ, ਨੂੰ ਅਦਾਲਤ ਦੀ ਮਦਦ ਨਾਲ ਹਟਾ ਦਿੱਤਾ ਜਾਵੇਗਾ।’ ਸ਼ੁਕਲਾ ਨੇ ਕਿਹਾ, ‘ਡਾ. ਰਾਮ ਮਨੋਹਰ ਲੋਹੀਆ ਨੇ ਕਿਹਾ ਸੀ ਕਿ ਭਾਰਤ ਦੇ ਮੁਸਲਮਾਨਾਂ ਨੂੰ ਇਸ ਗੱਲ ਉਤੇ ਯਕੀਨ ਕਰਨਾ ਪਏਗਾ ਕਿ ਰਾਮ ਤੇ ਕ੍ਰਿਸ਼ਨ ਉਨ੍ਹਾਂ ਦੇ ਵੰਸ਼ਜ ਸਨ ਤੇ ਬਾਬਰ, ਅਕਬਰ ਤੇ ਔਰੰਗਜ਼ੇਬ ਹਮਲਾਵਰ ਸਨ। ਉਨ੍ਹਾਂ ਵੱਲੋਂ ਬਣਾਈ ਕਿਸੇ ਵੀ ਇਮਾਰਤ ਨੂੰ ਉਹ ਆਪਣੇ ਨਾਲ ਜੋੜ ਕੇ ਨਾ ਦੇਖਣ। ਮੰਤਰੀ ਨੇ ਕਿਹਾ, ‘ਮੁਸਲਿਮ ਭਾਈਚਾਰਾ ਅੱਗੇ ਆ ਕੇ ਮਥੁਰਾ ਦਾ ਸਫ਼ੈਦ ਭਵਨ ਹਿੰਦੂਆਂ ਨੂੰ ਦੇਵੇ। ਇਸ ਕਾਰਜ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਸ਼ੁਕਲਾ ਨੇ ਕਿਹਾ ਕਿ ਛੇ ਦਸੰਬਰ (1992), ਕਾਰਸੇਵਕਾਂ ਨੇ ‘ਰਾਮਲੱਲਾ’ ਉਤੇ ਲੱਗਾ ਦਾਗ਼ ਮਿਟਾ ਦਿੱਤਾ ਸੀ ਤੇ ਹੁਣ ਉੱਥੇ ਸ਼ਾਨਦਾਰ ਮੰਦਰ ਉਸਾਰਿਆ ਜਾ ਰਿਹਾ ਹੈ। ਸ਼ੀਆ ਵਕਫ਼ ਬੋਰਡ ਦੇ ਚੇਅਰਮੈਨ ਸਈਦ ਵਸੀਮ ਰਿਜ਼ਵੀ ਵੱਲੋਂ ‘ਸਨਾਤਨ ਧਰਮ’ ਅਪਣਾਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਰਿਜ਼ਵੀ ਵਾਂਗ ‘ਘਰ ਵਾਪਸੀ’ ਕਰਨੀ ਚਾਹੀਦੀ ਹੈ। ਯੂਪੀ ਦੇ ਮੰਤਰੀ ਨੇ ਕਿਹਾ ‘ਦੇਸ਼ ਦੇ ਸਾਰੇ ਮੁਸਲਮਾਨਾਂ ਦਾ ਪਹਿਲਾਂ ਧਰਮ ਬਦਲਿਆ ਹੋਇਆ ਹੈ। ਉਹ ਚਾਹੁੰਦੇ ਹਨ ਕਿ ਸਾਰੇ ਮੁਸਲਮਾਨ ਘਰ ਵਾਪਸੀ ਕਰਨ।’ ਸ਼ੁਕਲਾ ਨੇ ਕਿਹਾ ਕਿ ਇਹ ਕਦਮ ਮੌਲਵੀਆਂ ਤੇ ਸਾਰੇ ਮੌਲਾਨਾ ਲਈ ਚੁਣੌਤੀ ਹੋਵੇਗਾ ਜੋ ਦੇਸ਼ ਵਿਚ ਤਾਲਿਬਾਨੀ ਮਾਨਸਿਕਤਾ ਦਾ ਪ੍ਰਚਾਰ ਕਰਦੇ ਹਨ। ਭਾਜਪਾ ਸਰਕਾਰ ਦੇ ਮੰਤਰੀ ਨੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਨੂੰ ‘ਹਿੰਦੂ ਵਿਰੋਧੀ’ ਕਰਾਰ ਦਿੱਤਾ। -ਪੀਟੀਆਈ
‘ਮਥੁਰਾ ’ਚ ਨਹੀਂ ਤਾਂ ਕੀ ਲਾਹੌਰ ’ਚ ਬਣੇਗਾ ਕ੍ਰਿਸ਼ਨ ਮੰਦਰ?’
ਮਥੁਰਾ: ਯੂਪੀ ਦੀ ਭਾਜਪਾ ਸਰਕਾਰ ਦੇ ਇਕ ਹੋਰ ਮੰਤਰੀ ਲਕਸ਼ਮੀ ਨਰੈਣ ਚੌਧਰੀ ਨੇ ਅੱਜ ਕਿਹਾ ਕਿ ਜੇ ਕ੍ਰਿਸ਼ਨ ਮੰਦਰ ਮਥੁਰਾ ਵਿਚ ਨਹੀਂ ਬਣੇਗਾ ਤਾਂ ਕੀ ਲਾਹੌਰ ਵਿਚ ਬਣੇਗਾ। ਜ਼ਿਕਰਯੋਗ ਹੈ ਕਿ ਮੰਦਰ ਲਈ ਤਜਵੀਜ਼ਤ ਥਾਂ ਜਿਸ ਬਾਰੇ ਕਈ ਕੇਸ ਚੱਲ ਰਹੇ ਹਨ, ਉਹ ਮਥੁਰਾ ਵਿਚ ਔਰੰਗਜ਼ੇਬ ਕਾਲ ਦੀ ਮਸਜਿਦ ਦੇ ਅੰਦਰ ਸਥਿਤ ਹੈ। ਇਹ ਹੋਰ ਵੀ ਕਈ ਪ੍ਰਸਿੱਧ ਮੰਦਰਾਂ ਦੇ ਨਾਲ ਲੱਗਦੀ ਹੈ। ਮੰਤਰੀ ਨੇ ਕਿਹਾ ਕਿ ਕ੍ਰਿਸ਼ਨਾ ਮੰਦਰ ਉਦੋਂ ਸੰਪੂਰਨ ਹੋਵੇਗਾ ਜਦ ਇਸ ਨੂੰ ਕੰਸ ਕਿਲੇ ਦੀ ਬਾਕੀ ਬਚੀ ਪੂਰੀ ਜ਼ਮੀਨ ’ਤੇ ਉਸਾਰਿਆ ਜਾਵੇਗਾ। ਇਸ ਖੇਤਰ ਵਿਚ ਸ਼ਾਹੀ ਈਦਗਾਹ ਮਸਜਿਦ ਵੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਖਿਲ ਭਾਰਤੀ ਹਿੰਦੂ ਮਹਾਸਭਾ ਨੇ ਈਦਗਾਹ ਦੇ ਨਾਲ ਲੱਗਦੇ ਕ੍ਰਿਸ਼ਨ ਮੰਦਰ ਵਿਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਸਥਾਪਿਤ ਕਰਨ ਤੇ ਇਸ ਦੇ ‘ਜਲ ਅਭਿਸ਼ੇਕ’ ਦੀ ਇਜਾਜ਼ਤ ਮੰਗੀ ਸੀ ਪਰ ਨਹੀਂ ਮਿਲੀ ਸੀ। ਇਲਾਕੇ ਵਿਚ ਧਾਰਾ 144 ਲਾ ਦਿੱਤੀ ਗਈ ਸੀ। -ਪੀਟੀਆਈ