ਨਵੀਂ ਦਿੱਲੀ, 6 ਸਤੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਇੱਥੇ ਵਿਰੋਧੀ ਧਿਰਾਂ ਦੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਚ ਖੱਬੇ ਪੱਖੀ ਧਿਰਾਂ ਦੇ ਨੇਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ। ਨਿਤੀਸ਼ ਨੇ ਕਿਹਾ ਕਿ ਉਹ ਨਾ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹਨ ਤੇ ਨਾ ਹੀ ਇਸ ਦੇ ਇਛੁੱਕ ਹਨ। ਸੀਪੀਐਮ ਦੇ ਦਫ਼ਤਰ ਵਿਚ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੁਮਾਰ ਨੇ ਮੀਡੀਆ ਨੂੰ ਕਿਹਾ ਕਿ ਇਹ ਸਮਾਂ ਖੱਬੇ ਪੱਖੀ ਪਾਰਟੀਆਂ, ਕਾਂਗਰਸ ਤੇ ਹੋਰ ਸਾਰੇ ਖੇਤਰੀ ਦਲਾਂ ਨੂੰ ਇਕਜੁੱਟ ਕਰ ਕੇ ਮਜ਼ਬੂਤ ਵਿਰੋਧੀ ਧਿਰ ਦੇ ਗਠਨ ਕਰਨ ਦਾ ਹੈ। ਭਾਜਪਾ ਨਾਲ ਨਾਤਾ ਤੋੜਨ ਤੋਂ ਬਾਅਦ ਨਿਤੀਸ਼ ਪਹਿਲੀ ਵਾਰ ਸੋਮਵਾਰ ਨੂੰ ਦਿੱਲੀ ਪਹੁੰਚੇ ਸਨ। ਉਨ੍ਹਾਂ ਸੋਮਵਾਰ ਕਾਂਗਰਸ ਆਗੂ ਰਾਹੁਲ ਗਾਂਧੀ, ਜੇਡੀ (ਐੱਸ) ਦੇ ਮੁਖੀ ਐਚ.ਡੀ. ਕੁਮਾਰਸਵਾਮੀ ਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਨਿਤੀਸ਼ ਕੁਮਾਰ ਦੇ ਦਿੱਲੀ ਦੌਰੇ ਨੂੰ ਵਿਰੋਧੀ ਧਿਰਾਂ ਦਾ ਨੇਤਾ ਬਣਨ ਦੀ ਉਨ੍ਹਾਂ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਖੱਬੇ ਪੱਖੀ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਕੁਮਾਰ ਨੇ ਕਿਹਾ, ‘ਸੀਪੀਐਮ ਨਾਲ ਮੇਰੇ ਰਿਸ਼ਤੇ ਬਹੁਤ ਪੁਰਾਣੇ ਤੇ ਲੰਮੇ ਸਮੇਂ ਤੋਂ ਹਨ। ਤੁਸੀਂ ਸਾਰਿਆਂ ਨੇ ਨਹੀਂ ਦੇਖਿਆ ਹੋਵੇਗਾ, ਪਰ ਮੈਂ ਜਦ ਵੀ ਦਿੱਲੀ ਆਇਆ ਹਾਂ, ਇਸ ਦਫ਼ਤਰ ਵਿਚ ਜ਼ਰੂਰ ਆਉਂਦਾ ਸੀ। ਸਾਡਾ ਪੂਰਾ ਧਿਆਨ ਸਾਰੇ ਖੱਬੇ ਪੱਖੀ ਦਲਾਂ, ਖੇਤਰੀ ਪਾਰਟੀਆਂ, ਕਾਂਗਰਸ ਨੂੰ ਇਕਜੁੱਟ ਕਰਨ ਉਤੇ ਹੈ। ਸਾਡੇ ਸਾਰਿਆਂ ਦੇ ਇਕੱਠੇ ਹੋਣ ਦੇ ਵੱਡੇ ਮਾਅਨੇ ਹਨ।’ ਡੀ. ਰਾਜਾ ਨੇ ਨਿਤੀਸ਼ ਨੂੰ ਮਿਲਣ ਤੋਂ ਬਾਅਦ ਟਵੀਟ ਵਿਚ ਕਿਹਾ, ‘ਆਰਐੱਸਐੱਸ ਤੇ ਭਾਜਪਾ ਦੇ ਕੁਸ਼ਾਸਨ ਖ਼ਿਲਾਫ਼ ਏਕਤਾ ਦਾ ਭਾਰਤੀ ਮਾਡਲ ਰੂਪ ਲੈ ਰਿਹਾ ਹੈ।’ ਕੇਜਰੀਵਾਲ ਤੇ ਨਿਤੀਸ਼ ਦੀ ਮੁਲਾਕਾਤ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ। ਕੇਜਰੀਵਾਲ ਨੇ ਟਵੀਟ ਕੀਤਾ, ‘ਦੇਸ਼ ਨਾਲ ਸਬੰਧਤ ਕਈ ਗੰਭੀਰ ਮੁੱਦਿਆਂ ਉਤੇ ਚਰਚਾ ਹੋਈ। ਅਸੀਂ ਭਾਜਪਾ ਵੱਲੋਂ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਤੇ ਚੁਣੀਆਂ ਹੋਈਆਂ ਸਰਕਾਰਾਂ ਡੇਗਣ ਦੇ ਮੁੱਦਿਆਂ, ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ।’ ਨਿਤੀਸ਼ ਕੁਮਾਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਜਪਾ ਖ਼ਿਲਾਫ਼ ਬਣਨ ਵਾਲੇ ਕਿਸੇ ਵੀ ਗੱਠਜੋੜ ਵਿਚ ਕਾਂਗਰਸ ਤੇ ਖੱਬੇ ਪੱਖੀ ਧਿਰਾਂ ਦਾ ਹੋਣਾ ਜ਼ਰੂਰੀ ਹੈ। -ਪੀਟੀਆਈ
ਨਿਤੀਸ਼ ਦਾ ਭਾਜਪਾ ਖ਼ਿਲਾਫ਼ ਨਿੱਤਰਨਾ ਅਹਿਮ ਸਿਆਸੀ ਬਦਲਾਅ: ਯੇਚੁਰੀ
ਨਵੀਂ ਦਿੱਲੀ: ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਵਿਰੋਧੀ ਧਿਰ ਵਿਚ ਵਾਪਸੀ ਤੇ ਭਾਜਪਾ ਖ਼ਿਲਾਫ਼ ਲੜਾਈ ਦਾ ਹਿੱਸਾ ਬਣਨ ਦੀ ਉਨ੍ਹਾਂ ਦੀ ਇੱਛਾ ਭਾਰਤੀ ਰਾਜਨੀਤੀ ਲਈ ਮਹੱਤਵਪੂਰਨ ਬਦਲਾਅ ਹੈ। ਉਨ੍ਹਾਂ ਕਿਹਾ, ‘ਸਾਡੀ ਪਹਿਲੀ ਕੋਸ਼ਿਸ਼ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਹੈ ਨਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੀ ਚੋਣ ਕਰਨ ਦੀ। ਜਦ ਸਮਾਂ ਆਵੇਗਾ, ਅਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਚੁਣਾਂਗੇ ਤੇ ਦੱਸਾਂਗੇ।’ ਸੀਪੀਐਮ ਆਗੂ ਨੇ ਕਿਹਾ ਕਿ ਹਾਲੇ ਤੱਕ ਇਸ ਪਾਸੇ ਕੋਈ ਠੋਸ ਕਾਰਜ ਯੋਜਨਾ ਨਹੀਂ ਤਿਆਰ ਕੀਤੀ ਗਈ ਹੈ ਪਰ ਗੱਲਬਾਤ ਜਾਰੀ ਹੈ। -ਪੀਟੀਆਈ
ਸਾਬਕਾ ਕੇਂਦਰੀ ਮੰਤਰੀ ਆਰਸੀਪੀ ਨੇ ਨਿਤੀਸ਼ ’ਤੇ ਨਿਸ਼ਾਨਾ ਸੇਧਿਆ
ਪਟਨਾ: ਸਾਬਕਾ ਕੇਂਦਰੀ ਮੰਤਰੀ ਆਰਸੀਪੀ ਸਿੰਘ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਕਾਂਗਰਸ ਨਾਲ ਰਲ ਕੇ ਉਹ ਆਪਣੀਆਂ ਸਮਾਜਵਾਦੀ ਜੜ੍ਹਾਂ ਨਾਲ ‘ਧੋਖਾ’ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਆਗੂ ਜਗਤਪ੍ਰਕਾਸ਼ ਨਾਰਾਇਣ ਨੇ ਕਾਂਗਰਸ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕੀਤਾ ਹੈ। ਜੇਡੀ(ਯੂ) ਨੇ ਹਾਲ ਹੀ ਵਿਚ ਆਰਸੀਪੀ ਸਿੰਘ ਨੂੰ ਰਾਜ ਸਭਾ ਵਿਚ ਮੁੜ ਨਾਮਜ਼ਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਕੇਂਦਰੀ ਕੈਬਨਿਟ ਵਿਚੋਂ ਅਸਤੀਫ਼ਾ ਦੇਣਾ ਪਿਆ ਸੀ। ਸਾਬਕਾ ਕੇਂਦਰੀ ਮੰਤਰੀ ਨੇ ਨਾਲ ਹੀ ਕਿਹਾ ਕਿ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੇ ਨਿਤੀਸ਼ ਦੇ ਯਤਨਾਂ ਦਾ ਕੋਈ ਸਿੱਟਾ ਨਹੀਂ ਨਿਕਲੇਗਾ। -ਪੀਟੀਆਈ
ਚੌਟਾਲਾ ਤੇ ਮੁਲਾਇਮ ਯਾਦਵ ਨੂੰ ਵੀ ਮਿਲੇ ਨਿਤੀਸ਼
ਨਵੀਂ ਦਿੱਲੀ: ਨਿਤੀਸ਼ ਕੁਮਾਰ ਨੇ ਆਈਐੱਨਐਲਡੀ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ, ‘ਸਪਾ’ ਆਗੂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਵੀ ਮੁਲਾਕਾਤ ਕੀਤੀ। ਚੌਟਾਲਾ ਨੂੰ ਕੁਮਾਰ ਉਨ੍ਹਾਂ ਦੀ ਗੁੜਗਾਓਂ ਰਿਹਾਇਸ਼ ’ਤੇ ਮਿਲੇ। ਇਸ ਮੌਕੇ ਜੇਡੀ(ਯੂ) ਦੇ ਬੁਲਾਰੇ ਕੇਸੀ ਤਿਆਗੀ ਵੀ ਉਨ੍ਹਾਂ ਦੇ ਨਾਲ ਸਨ। ਆਈਐਨਐਲਡੀ ਦੇ ਆਗੂ ਨਫ਼ੇ ਸਿੰਘ ਰਾਠੀ ਨੇ ਕਿਹਾ ਕਿ ਦੋਵੇਂ ਆਗੂ ਨਿੱਘ ਨਾਲ ਮਿਲੇ ਤੇ ਚੌਟਾਲਾ ਨੇ ਕੁਮਾਰ ਨੂੰ ਪਾਰਟੀ ਵੱਲੋਂ ਰੱਖੀ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਰੈਲੀ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਜਨਮ ਦਿਹਾੜੇ ਮੌਕੇ ਕਰਵਾਈ ਜਾਣੀ ਹੈ। ਮੁਲਾਇਮ ਯਾਦਵ ਨੂੰ ਕੁਮਾਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਮਿਲੇ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਖਿਲੇਸ਼ ਵੀ ਉੱਥੇ ਮੌਜੂਦ ਸਨ। ਯਾਦਵਾਂ ਨਾਲ ਮੁਲਾਕਾਤ ਤੋਂ ਬਾਅਦ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ, ‘ਸਾਡੇ ਵਿਚਾਰ ਮੇਲ ਖਾਂਦੇ ਹਨ ਤੇ ਇਕੱਠੇ ਹੋ ਕੇ ਕੰਮ ਕਰਨਾ ਹੋਵੇਗਾ।’ -ਪੀਟੀਆਈ