ਚੇਨੱਈ/ਨਵੀਂ ਦਿੱਲੀ, 9 ਅਗਸਤ
ਡੀਐੱਮਕੇ ਦੀ ਸੰਸਦ ਮੈਂਬਰ ਕਨੀਮੋੜੀ ਨੇ ਅੱਜ ਦੋਸ਼ ਲਗਾਇਆ ਕਿ ਸੀਆਈਐੱਸਐੱਫ ਅਫਸਰ ਨੇ ਉਸ ਨੂੰ ਸਵਾਲ ਕੀਤਾ ਕਿ ਕੀ ਉਹ ਭਾਰਤੀ ਹੈ, ਕਿਉਂਕਿ ਉਹ ਹਿੰਦੀ ਨਹੀਂ ਬੋਲ ਸਕਦੀ। ਕਨੀਮੋੜੀ ਨੇ ਇਹ ਅਫਸਰ ਖ਼ਿਲਾਫ਼ ਢੁੱਕਵੀਂ ਦੀ ਮੰਗ ਕੀਤੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਨੀਮੋੜੀ ਦਿੱਲੀ ਜਾਣ ਲਈ ਉਡਾਣ ਫੜਨ ਵਾਸਤੇ ਚੇਨੱਈ ਦੇ ਕੌਮਾਂਤਰੀ ਹਵਾਈ ਅੱਡੇ ਪਹੁੰਚੀ ਸੀ। ਕਨੀਮੋੜੀ ਨੇ ਟਵੀਟ ਕੀਤਾ, ‘ਅੱਜ ਹਵਾਈ ਅੱਡੇ ’ਤੇ ਜਦੋਂ ਮੈਂ ਸੀਆਈਐੱਸਐੱਫ ਦੀ ਇੱਕ ਅਧਿਕਾਰੀ ਨੂੰ ਕਿਹਾ ਕਿ ਉਹ ਤਾਮਿਲ ਜਾਂ ਅੰਗਰੇਜ਼ੀ ’ਚ ਬੋਲਣ ਕਿਉਂਕਿ ਮੈਂ ਹਿੰਦੀ ਨਹੀਂ ਜਾਣਦੀ। ਤਾਂ ਉਨ੍ਹਾਂ ਮੈਨੂੰ ਸਵਾਲ ਕੀਤਾ ‘ਕੀ ਮੈਂ ਭਾਰਤੀ ਹਾਂ’।’ ਸੰਸਦ ਮੈਂਬਰ ਨੇ ਲਿਖਿਆ, ‘ਮੈਂ ਜਾਣਨਾ ਚਾਹੁੰਦੀ ਹਾਂ ਕਿ ਕਦੋਂ ਤੋਂ ਭਾਰਤੀ ਹੋਣਾ ਹਿੰਦੀ ਜਾਣਨ ਦੇ ਬਰਾਬਰ ਹੋ ਗਿਆ ਹੈ। ਮਤਲਬ ਕਿ ਭਾਰਤੀ ਹੋਣ ਲਈ ਹਿੰਦੀ ਜਾਣਨਾ ਜ਼ਰੂਰੀ ਹੈ? #ਹਿੰਦੀ ਥੋਪਣਾ।’ ਡੀਐੱਮਕੀ ਦੇ ਮਹਿਲਾ ਵਿੰਗ ਦੀ ਸਕੱਤਰ ਦੇ ਇਸ ਟਵੀਟ ਦੀ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਹਮਾਇਤ ਕੀਤੀ ਹੈ। ਇੱਕ ਨੇ ਲਿਖਿਆ, ‘ਮੈਂ ਭਾਰਤੀ ਹਾਂ ਤੇ ਹਿੰਦੀ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਦੂਜੇ ਪਾਸੇ ਕੇਂਦਰੀ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀਆਈਐੱਸਐੱਫ) ਨੇ ਕਨੀਮੋੜੀ ਨੂੰ ਟਵੀਟ ਕਰਕੇ ਅਫਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਤੋਂ ਇਸ ਘਟਨਾ ਸਬੰਧੀ ਵੇਰਵੇ ਮੰਗੇ ਹਨ ਤਾਂ ਜੋ ਸਬੰਧਤ ਅਫਸਰ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। -ਪੀਟੀਆਈ