ਨਵੀਂ ਦਿੱਲੀ, 28 ਫਰਵਰੀ
ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਹੈ ਕਿ ਸਰਹੱਦਾਂ ਰੱਖਣ ਸਬੰਧੀ ਪੁਰਾਣੀ ਫਿਲਾਸਫੀ ਅੱਜ-ਕੱਲ੍ਹ ਨਹੀਂ ਚੱਲਦੀ ਅਤੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਉਸ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਉਸਦਾ ਸੁਫ਼ਨਾ ਹੈ ਕਿ ਉਹ ਦੋਵੇਂ ਮੁਲਕਾਂ ਨੂੰ ‘ਚੰਗੇ ਦੋਸਤਾਂ’ ਵਜੋਂ ਵੇਖੇ। ਉਸ ਨੇ ਇਹ ਵੀ ਕਿਹਾ ਕਿ ਘੱਟ ਗਿਣਤੀਆਂ ਨੂੰ ਹਰ ਮੁਲਕ ’ਚ ਸੁਰੱਖਿਆ ਦੀ ਲੋੜ ਹੈ, ਭਾਵੇਂ ਇਹ ਪਾਕਿਸਤਾਨ ਹੋਵੇ ਜਾਂ ਭਾਰਤ। ਉਸ ਨੇ ਕਿਹਾ ਕਿ ਇਹ ਮਸਲੇ ਦਾ ਸਬੰਧ ਧਰਮ ਨਾਲ ਨਹੀਂ ਬਲਕਿ ‘ਸੱਤਾ ਦੀ ਦੁਰਵਰਤੋਂ’ ਨਾਲ ਹੈ ਤੇ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਮਲਾਲਾ ਯੂਸਫਜ਼ਈ ਵਰਚੁਅਲ ਢੰਗ ਨਾਲ ਕਰਵਾਏ ਗਏ ਜੈਪੁਰ ਲਿਟਰੇਚਰ ਫੈਸਟੀਵਲ (ਜੇਐੱਲਐੱਫ) ਵਿੱਚ ਆਪਣੀ ਪੁਸਤਕ ‘ਆਈ ਐੱਮ ਮਲਾਲਾ: ਦਿ ਸਟੋਰੀ ਆਫ਼ ਦਿ ਗਰਲ ਹੂ ਸਟੁੱਡ ਅੱਪ ਫਾਰ ਐਜੂਕੇਸ਼ਨ ਐਂਡ ਵਾਜ਼ ਸ਼ਾਟ ਬਾਇ ਦਿ ਤਾਲਿਬਾਨ’ ਬਾਰੇ ਗੱਲਬਾਤ ਕਰ ਰਹੀ ਸੀ। ਉਸ ਨੇ ਭਾਰਤ ਵਿੱਚ ਇੰਟਰਨੈੱਟ ਬੰਦ ਹੋਣ ਅਤੇ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਆਸ ਪ੍ਰਗਟਾਈ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਲੋਕਾਂ ਦੀ ਗੱਲ ਸੁਣੀ ਜਾਵੇ। -ਪੀਟੀਆਈ