ਮੁੱਖ ਅੰਸ਼
- ਫ਼ੌਜ ਤੇ ਲੋਕਾਂ ਵਿਚਾਲੇ ਹੋਈ ਹਿੰਸਾ ’ਚ ਇਕ ਸੈਨਿਕ ਦੀ ਵੀ ਮੌਤ
- ਕੋਰਟ ਆਫ਼ ਇਨਕੁਆਰੀ ਦੇ ਹੁਕਮ, ਸੂਬੇ ਵੱਲੋਂ ‘ਸਿਟ’ ਕਾਇਮ
ਕੋਹਿਮਾ/ਗੁਹਾਟੀ/ਨਵੀਂ ਦਿੱਲੀ, 5 ਦਸੰਬਰ
ਭਾਰਤ ਦੇ ਉੱਤਰ-ਪੂਰਬੀ ਰਾਜ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਕਰੀਬ 14 ਆਮ ਨਾਗਰਿਕਾਂ ਦੀ ਮੌਤ ਹੋ ਗਈ ਹੈ। ਫ਼ੌਜ ਨੇ ਇਸ ਮਾਮਲੇ ਵਿਚ ਕੋਰਟ ਆਫ਼ ਇਨਕੁਆਰੀ ਬਿਠਾ ਦਿੱਤੀ ਹੈ। ਫ਼ੌਜ ਦਾ ਕਹਿਣਾ ਹੈ ਕਿ ਇਕ ਸੈਨਿਕ ਦੀ ਜਾਨ ਵੀ ਗਈ ਹੈ ਤੇ ਕਈ ਜ਼ਖ਼ਮੀ ਹੋ ਗਏ ਹਨ। ਭਾਰਤੀ ਫ਼ੌਜ ਨੇ ਕਿਹਾ ਕਿ ਇਸ ਘਟਨਾ ਅਤੇ ਮਗਰੋਂ ਜੋ ਵੀ ਹੋਇਆ ਉਸ ’ਤੇ ਉਨ੍ਹਾਂ ਨੂੰ ‘ਬੇਹੱਦ ਅਫ਼ਸੋਸ’ ਹੈ। ਜਾਨਾਂ ਜਾਣ ਦੀ ਜਾਂਚ ਉੱਚ ਪੱਧਰ ਉਤੇ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ 13 ਜਣੇ ਤਾਂ ਮੌਕੇ ’ਤੇ ਹੀ ਮਾਰੇ ਗਏ। ਇਸ ਤੋਂ ਇਲਾਵਾ 11 ਫੱਟੜ ਵੀ ਹਨ। ਹੋਰਾਂ ਨੇ ਗੁਆਂਢੀ ਸੂਬੇ ਅਸਾਮ ਦੇ ਹਸਪਤਾਲਾਂ ਵਿਚ ਵੀ ਦਮ ਤੋੜਿਆ ਹੈ। ਮੁੱਖ ਮੰਤਰੀ ਨੇਫਿਊ ਰੀਓ ਨੇ ਉੱਚ ਪੱਧਰੀ ਜਾਂਚ ਦਾ ਵਾਅਦਾ ਕੀਤਾ ਹੈ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਘਟਨਾ ਓਟਿੰਗ ਤੇ ਟੀਰੂ ਪਿੰਡਾਂ ਵਿਚਾਲੇ ਵਾਪਰੀ ਹੈ ਜਦ ਕੁਝ ਦਿਹਾੜੀਦਾਰ ਮਜ਼ਦੂਰ ਇਕ ਵੈਨ ਵਿਚ ਸ਼ਨਿਚਰਵਾਰ ਸ਼ਾਮ ਘਰ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਵਾਹਨ ’ਤੇ ਕਥਿਤ ਤੌਰ ’ਤੇ ਫ਼ੌਜ ਨੇ ਗੋਲੀ ਚਲਾਈ ਜੋ ਕਿ ਇਲਾਕੇ ਵਿਚ ਖ਼ੁਫੀਆ ਜਾਣਕਾਰੀ ਦੇ ਅਧਾਰ ’ਤੇ ਇਕ ਮੁਹਿੰਮ ਉਤੇ ਸੀ। ਫ਼ੌਜ ਨੂੰ ਜਾਣਕਾਰੀ ਮਿਲੀ ਸੀ ਕਿ ਪਾਬੰਦੀ ਅਧੀਨ ਸੰਗਠਨ ਐਨਐੱਸਸੀਐਨ (ਕੇ) ਦੇ ਯੁੰਗ ਓਂਗ ਧੜੇ ਦੇ ਅਤਿਵਾਦੀ ਇਲਾਕੇ ਵਿਚ ਘੁੰਮ ਰਹੇ ਹਨ। ਦਰਅਸਲ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਨੂੰ ਗਲਤ ਪਛਾਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੋਈ ਹਿੰਸਾ ਵਿਚ ਇਕ ਸੈਨਿਕ ਮਾਰਿਆ ਗਿਆ ਹੈ। ਗੋਲੀਬਾਰੀ ਦੀ ਪਹਿਲੀ ਘਟਨਾ ਵਿਚ ਛੇ ਨਾਗਰਿਕ ਮਾਰੇ ਗਏ ਸਨ। ਫ਼ੌਜ ਨੇ ਵੈਨ ਵਿਚ ਸਵਾਰ ਖਾਣ ਦੇ ਵਰਕਰਾਂ ਨੂੰ ਐਨਐੱਸਸੀਐਨ (ਕੇ) ਦੇ ਯੁੰਗ ਓਂਗ ਧੜੇ ਦੇ ਅਤਿਵਾਦੀ ਸਮਝ ਲਿਆ ਸੀ। ਸੈਨਾ ਨੂੰ ਇਨ੍ਹਾਂ ਅਤਿਵਾਦੀਆਂ ਦੀ ਗਤੀਵਿਧੀ ਬਾਰੇ ਹੀ ਜਾਣਕਾਰੀ ਮਿਲੀ ਸੀ। ਜਦ ਇਹ ਵਰਕਰ ਘਰ ਨਹੀਂ ਪਹੁੰਚੇ ਤਾਂ ਪਿੰਡਾਂ ਦੇ ਨੌਜਵਾਨ ਤੇ ਹੋਰ ਇਨ੍ਹਾਂ ਦੀ ਭਾਲ ਵਿਚ ਨਿਕਲੇ। ਉਨ੍ਹਾਂ ਫ਼ੌਜ ਦੇ ਵਾਹਨਾਂ ਨੂੰ ਘੇਰ ਲਿਆ ਤੇ ਅੱਗ ਲਾ ਦਿੱਤੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ ਤੇ ਸੈਨਿਕਾਂ ਨੇ ਆਤਮ ਰੱਖਿਆ ਲਈ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿਚ 8 ਨਾਗਰਿਕ ਮਾਰੇ ਗਏ। ਮਾਰੇ ਗਏ 13 ਜਣਿਆਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਦੱਸਣਯੋਗ ਹੈ ਕਿ ਮੋਨ ਜ਼ਿਲ੍ਹਾ ਮਿਆਂਮਾਰ ਦੀ ਹੱਦ ਨਾਲ ਲੱਗਦਾ ਹੈ ਤੇ ਇਹ ਅਤਿਵਾਦੀ ਧੜਾ ਉੱਥੋਂ ਹੀ ਕਾਰਵਾਈਆਂ ਕਰਦਾ ਹੈ। ਸੂਤਰਾਂ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੂੰ ਘਟਨਾ ਬਾਰੇ ਜਾਣੂ ਕਰਾਇਆ ਗਿਆ ਹੈ। ਫ਼ੌਜ ਦੀ 3 ਕੋਰ ਦੇ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਂਚ ਮਗਰੋਂ ਕਾਨੂੰਨ ਮੁਤਾਬਕ ਜ਼ਿੰਮੇਵਾਰੀ ਤੈਅ ਕਰ ਕੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੇ ਵੀ ਘਟਨਾ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਤੇ ਇਕ ਸੈਨਿਕ ਦੀ ਮਗਰੋਂ ਮੌਤ ਹੋ ਗਈ ਹੈ। ਮੁੱਖ ਮੰਤਰੀ ਰੀਓ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉੱਚ ਪੱਧਰੀ ‘ਸਿਟ’ ਮਾਮਲੇ ਦੀ ਜਾਂਚ ਕਰੇਗੀ। ਘਟਨਾ ’ਤੇ ਰੋਸ ਪ੍ਰਗਟਾਉਂਦਿਆਂ ਪੂਰਬੀ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈਐਨਪੀਓ) ਨੇ ਖੇਤਰ ਦੇ ਛੇ ਆਦਿਵਾਸੀ ਕਬੀਲਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਚੱਲ ਰਹੇ ‘ਹੌਰਨਬਿਲ ਫੈਸਟੀਵਲ’ ਵਿਚ ਹਿੱਸਾ ਨਾ ਲੈਣ। ਇਹ ਸੂਬੇ ਦਾ ਸਭ ਤੋਂ ਵੱਡਾ ਸੈਰ-ਸਪਾਟੇ ਨਾਲ ਜੁੜਿਆ ਸਮਾਗਮ ਹੈ। ਈਐਨਪੀਓ ਨੇ ਇਨ੍ਹਾਂ ਸਾਰੇ ਕਬੀਲਿਆਂ ਨੂੰ ਕਾਲੇ ਝੰਡੇ ਲਾਉਣ ਲਈ ਕਿਹਾ ਹੈ। -ਪੀਟੀਆਈ
ਗੁੱਸੇ ’ਚ ਲੋਕਾਂ ਵੱਲੋਂ ਅਸਾਮ ਰਾਈਫਲਜ਼ ਦੇ ਕੈਂਪ ਦੀ ਤੋੜ-ਭੰਨ
ਕੋਹਿਮਾ: ਨਾਗਾਲੈਂਡ ’ਚ ਆਮ ਨਾਗਰਿਕਾਂ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਅਸਾਮ ਰਾਈਫ਼ਲਜ਼ ਦੇ ਕੈਂਪ ਦੀ ਤੋੜ-ਭੰਨ ਕੀਤੀ। ਉਨ੍ਹਾਂ ਮੋਨ ਜ਼ਿਲ੍ਹੇ ਵਿਚ ਹੀ ਸਥਿਤ ਕੋਨਯਾਕ ਯੂਨੀਅਨ ਦੇ ਦਫ਼ਤਰ ਨੂੰ ਵੀ ਨੁਕਸਾਨ ਪਹੁੰਚਾਇਆ। ਸੁਰੱਖਿਆ ਬਲਾਂ ਦੀ ਗੋਲੀ ਨਾਲ 13 ਨਾਗਰਿਕਾਂ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸਥਿਤੀ ਬੇਹੱਦ ਤਣਾਅਪੂਰਨ ਹੈ। ਲੋਕ ਇਸ ਘਟਨਾ ਵਿਚ ਸ਼ਾਮਲ ਸੁਰੱਖਿਆ ਕਰਮੀਆਂ ਖ਼ਿਲਾਫ਼ ਤੁਰੰਤ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਘਟਨਾ ਵਿਚ 11 ਜਣੇ ਫੱਟੜ ਵੀ ਹੋਏ ਹਨ। -ਪੀਟੀਆਈ
ਗ੍ਰਹਿ ਮੰਤਰਾਲਾ ਆਖ਼ਰ ਕਰ ਕੀ ਰਿਹਾ ਹੈ, ਸਰਕਾਰ ਜਵਾਬ ਦੇਵੇ: ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨਾਗਾਲੈਂਡ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਹੋਈ ਨਾਗਰਿਕਾਂ ਦੀ ਮੌਤ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ‘ਸੱਚਾ ਜਵਾਬ’ ਦੇਣਾ ਚਾਹੀਦਾ ਹੈ ਕਿ ਗ੍ਰਹਿ ਮੰਤਰਾਲਾ ਆਖਰ ਕੀ ਕਰ ਰਿਹਾ ਹੈ ਜਦ ‘ਸਾਡੀ ਆਪਣੀ ਹੀ ਧਰਤੀ ਉਤੇ ਨਾ ਤਾਂ ਨਾਗਰਿਕ ਤੇ ਨਾ ਹੀ ਸੁਰੱਖਿਆ ਬਲ ਸੁਰੱਖਿਅਤ ਹਨ।’ ਗਾਂਧੀ ਨੇ ਟਵੀਟ ਕੀਤਾ ‘ਇਹ ਬੇਹੱਦ ਦੁਖੀ ਕਰਨ ਵਾਲਾ ਹੈ। ਭਾਰਤ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਮੰਗੀ ਹੈ। ਮਮਤਾ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਵੀ ਪ੍ਰਗਟ ਕੀਤਾ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਘਟਨਾ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ