ਕੋਹਿਮਾ, 6 ਦਸੰਬਰ
ਨਾਗਾਲੈਂਡ ਪੁਲੀਸ ਨੇ ਸਿਵਲੀਅਨਾਂ ’ਤੇ ਕੀਤੀ ਗੋਲੀਬਾਰੀ ਮਾਮਲੇ ਵਿੱਚ ਫੌਜ ਦੀ 21 ਪੈਰਾ ਵਿਸ਼ੇਸ਼ ਫੋਰਸ ਦੇ ਸੁਰੱਖਿਆ ਬਲਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਮੋਨ ਕਸਬੇ ਵਿੱਚ ਭਾਵੇਂ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਲਾਗੂ ਹਨ, ਪਰ ਹਾਲਾਤ ਅਜੇ ਵੀ ਤਲਖ ਹਨ। ਇਸ ਦੌਰਾਨ ਸੁਰੱਖਿਆ ਬਲਾਂ ਵੱਲੋਂ ਗ਼ਲਤ ਪਛਾਣ ਨੂੰ ਲੈ ਕੇ ਕੀਤੀ ਗੋਲੀਬਾਰੀ ਦੌਰਾਨ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ ਨੂੰ ਲੈ ਕੇ ਦੁਚਿੱਤੀ ਬਰਕਰਾਰ ਹੈ। ਸ਼ੁਰੂਆਤ ਵਿੱਚ 17 ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ, ਪਰ ਹੁਣ ਇਹ ਅੰਕੜਾ 14 ਦੱਸਿਆ ਜਾ ਰਿਹਾ ਹੈ। ਵੱਖ ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਜ਼ਖ਼ਮੀਆਂ ਦੀ ਗਿਣਤੀ 28 ਦੱਸੀ ਜਾ ਰਹੀ ਹੈ, ਜਿਨ੍ਹਾਂ ’ਚੋਂ 6 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। -ਪੀਟੀਆਈ