ਕੋਹਿਮਾ, 7 ਦਸੰਬਰ
ਨਾਗਾਲੈਂਡ ਦੇ ਮੋਨ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਗੋਲੀਬਾਰੀ ਕਰਨ ਤੋਂ ਪਹਿਲਾਂ ਫੌਜ ਨੇ ਪਿਕਅੱਪ ਟਰੱਕ ’ਤੇ ਸਵਾਰ ਲੋਕਾਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਗੱਲ ਸੂਬੇ ਦੇ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਟੀ. ਜੌਨ ਲੋਂਗਕੁਮੇਰ ਅਤੇ ਕਮਿਸ਼ਨਰ ਰੋਵਿਲਾਟੂਓ ਮੋਰ ਦੀ ਸਾਂਝੀ ਰਿਪੋਰਟ ਵਿੱਚ ਕਹੀ ਗਈ ਹੈ। ਦੋ ਉੱਚ ਅਧਿਕਾਰੀਆਂ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਪਿੰਡ ਵਾਸੀਆਂ ਨੇ ਦੇਖਿਆ ਕਿ ਫੌਜ ਦੇ ਵਿਸ਼ੇਸ਼ ਬਲ ਛੇ ਲੋਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਬੇਸ ਕੈਂਪ ਲਿਜਾਣ ਦੇ ਇਰਾਦੇ ਨਾਲ ਪਿਕ-ਅੱਪ ਵੈਨ ਵਿੱਚ ਲਪੇਟ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਐਤਵਾਰ ਨੂੰ ਰਾਜ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ, 4 ਦਸੰਬਰ ਨੂੰ ਸ਼ਾਮ 4:10 ਵਜੇ ਦੇ ਕਰੀਬ 8 ਪਿੰਡ ਵਾਸੀ ਤੀਰੂ ਵਿੱਚ ਕੋਲੇ ਦੀ ਖਾਣ ਤੋਂ ਇੱਕ ਪਿਕਅੱਪ ਟਰੱਕ ਵਿੱਚ ਘਰ ਪਰਤ ਰਹੇ ਸਨ। ਉਨ੍ਹਾਂ ਉੱਤੇ ਸੁਰੱਖਿਆ ਬਲਾਂ ਵੱਲੋਂ ਅਚਾਨਕ ਹਮਲਾ ਕੀਤਾ ਗਿਆ। ਅਸਾਮ ਵਿੱਚ ਸਥਿਤ 21ਵੇਂ ਪੈਰਾ ਸਪੈਸ਼ਲ ਬਲਾਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ। ਅਸਲ ਵਿੱਚ ਉਨ੍ਹਾਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।’ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪਿੰਡ ਵਾਸੀ ਨਿਹੱਥੇ ਸਨ ਅਤੇ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਛੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਆ ਗਏ। ਪਿੰਡ ਵਾਸੀਆਂ ਨੇ ਜਦੋਂ ਲਾਸ਼ਾਂ ਨੂੰ ਲਪੇਟਿਆ ਵੇਖਿਆ ਤਾਂ ਉਨ੍ਹਾਂ ਦੀ ਸੁਰੱਖਿਆ ਬਲਾਂ ਨਾਲ ਹਿੰਸਕ ਝੜਪ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਸੁਰੱਖਿਆ ਬਲਾਂ ਦੇ ਤਿੰਨ ਵਾਹਨਾਂ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਸ ਟਕਰਾਅ ਦੌਰਾਨ ਸੁਰੱਖਿਆ ਬਲਾਂ ਨੇ ਪਿੰਡ ਵਾਸੀਆਂ ’ਤੇ ਮੁੜ ਗੋਲੀਆਂ ਚਲਾਈਆਂ, ਜਿਸ ਵਿੱਚ ਸੱਤ ਹੋਰਾਂ ਦੀ ਮੌਤ ਹੋ ਗਈ। ਰਿਪੋਰਟ ਵਿੱਚ ਚਸ਼ਮਦੀਦਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਫੌਜ ਨੇ ਅਸਾਮ ਵੱਲ ਭੱਜੇ ਜਾਂਦੇ ਲੋਕਾਂ ਵੱਲ ਅੰਨ੍ਹੇਵਾਹ ਗੋਲੀਆਂ ਚਲਾਈਆਂ। -ਪੀਟੀਆਈ
ਨਾਗਾਲੈਂਡ ਹੱਤਿਆਵਾਂ: ਕੋਨਯਾਕ ਯੂਨੀਅਨ ਨੇ ਮੋਨ ਜ਼ਿਲ੍ਹਾ ਬੰਦ ਰੱਖਿਆ, ਸੱਤ ਦਿਨਾ ਸੋਗ ਦਾ ਐਲਾਨ
ਕੋਹਿਮਾ: ਕਬਾਇਲੀ ਲੋਕਾਂ ਦੀ ਸਿਖਰਲੀ ਜਥੇਬੰਦੀ ਕੋਨਯਾਕ ਯੂਨੀਅਨ (ਕੇਯੂ) ਨੇ ਸੁਰੱਖਿਆ ਬਲਾਂ ਦੀ ਗੋਲੀਬਾਰੀ ’ਚ 14 ਆਮ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਰੋਸ ਵਜੋਂ ਮੋਨ ਜ਼ਿਲ੍ਹੇ ਵਿੱਚ ਪੂਰੇ ਦਿਨ ਲਈ ਬੰਦ ਰੱਖਿਆ। ਜਥੇਬੰਦੀ ਨੇ ਅਗਲੇ ਸੱਤ ਦਿਨ ਸੋਗ ਦਾ ਐਲਾਨ ਕੀਤਾ ਹੈ। ਕੇਯੂ ਨੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ ਸੱਤ ਦਿਨ ਕੋਨਯਾਕ ਖੇਤਰ ਵਿੱਚ ਗਸ਼ਤ ਨਾ ਕਰਨ। ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੁਰੱਖਿਆ ਬਲਾਂ ਤੇ ਪੁਲੀਸ ਨੇ ਅਪੀਲ ਨਾ ਮੰਨੀ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਉਹ ਖੁ਼ਦ ਜ਼ਿੰਮੇਵਾਰ ਹੋਣਗੇ। ਯੂਨੀਅਨ ਨੇ ਸੋਮਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜੇ ਪੱਤਰ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ(ਸਿੱਟ) ਗਠਿਤ ਕਰਨ ਦੀ ਮੰਗ ਕੀਤੀ ਸੀ। ਯੂਨੀਅਨ ਨੇ ਕਿਹਾ ਸੀ ਕਿ ‘ਸਿੱਟ’ ਵਿੱਚ ਪੂਰਬੀ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈਐੱਨਪੀਓ) ਦੇ ਦੋ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। -ਪੀਟੀਆਈ
ਮਿਜ਼ੋਰਮ ਦੇ ਮੁੱਖ ਮੰਤਰੀ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ
ਐਜ਼ੌਲ: ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਾਮਥਾਂਗਾ ਨੇ ਨਾਗਾਲੈਂਡ ਵਿੱਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿੱਚ ਮਾਰੇ ਗਏ 14 ਆਮ ਲੋਕਾਂ ਦੀ ਘਟਨਾ ’ਤੇ ਦੁਖ਼ ਜ਼ਾਹਰ ਕਰਦਿਆਂ ਸੂਬੇ ਦੇ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਅਰਦਾਸ ਕੀਤੀ ਕਿ ਪੀੜਤਾਂ ਨੂੰ ਨਿਆਂ ਮਿਲੇ ਤੇ ਸੂਬੇ ’ਚ ਅਮਨ-ਸ਼ਾਂਤੀ ਜਲਦੀ ਹੀ ਪਰਤ ਆਏ। ਜ਼ੋਰਾਮਥਾਂਗਾ ਨੇ ਕਿਹਾ ਕਿ ਉਹ ਦੁੱਖ ਦੀ ਇਸ ਘੜੀ ਵਿੱਚ ਨਾਗਾਲੈਂਡ ਦੇ ਲੋਕਾਂ ਨਾਲ ਖੜ੍ਹੇ ਹਨ। -ਪੀਟੀਆਈ
‘ਅਫ਼ਸਪਾ’ ਵਾਪਸ ਲੈਣ ਦੀ ਮੰਗ
ਕੋਹਿਮਾ: ਮੁੱਖ ਮੰਤਰੀ ਨੇਫਿਊ ਰੀਓ ਦੀ ਅਗਵਾਈ ਵਾਲੀ ਕੈਬਨਿਟ ਨੇ ਨਾਗਾਲੈਂਡ ਫਾਇਰਿੰਗ ਘਟਨਾ ਦੇ ਰੋਸ ਵਜੋਂ ਹੋਰਨਬਿਲ ਫੈਸਟੀਵਲ (ਰਵਾਇਤੀ ਮੇਲੇ) ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਕੇਂਦਰ ਕੋਲੋਂ ਹਥਿਆਰਬੰਦ ਸੁਰੱਖਿਆ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦਾ ਅਖਤਿਆਰ ਦਿੰਦਾ ਐਕਟ ‘ਅਫ਼ਸਪਾ’ ਵਾਪਸ ਲਏ ਜਾਣ ਦੀ ਮੰਗ ਵੀ ਕੀਤੀ ਹੈ। ਕੈਬਨਿਟ ਨੇ ਵਿਸ਼ੇਸ਼ ਜਾਂਚ ਟੀਮ ਨੂੰ ਆਪਣੀ ਤਫ਼ਤੀਸ਼ ਮਹੀਨੇ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਹੈ। ਸੂਬਾਈ ਰਾਜਧਾਨੀ ਨਜ਼ਦੀਕ ਕਿਸਾਮਾ ਵਿੱਚ ਨਾਗਾ ਵਿਰਾਸਤੀ ਪਿੰਡ ਵਿੱਚ ਚੱਲ ਰਿਹਾ 10 ਰੋਜ਼ਾ ਰਵਾਇਤੀ ਮੇਲਾ 10 ਦਸੰਬਰ ਨੂੰ ਖ਼ਤਮ ਹੋਣਾ ਸੀ। ਇਸ ਮੇਲੇ ਵਿੱਚ ਪੂਰਬੀ ਨਾਗਾਲੈਂਡ ਤੇ ਰਾਜ ਦੇ ਹੋਰਨਾਂ ਹਿੱਸਿਆਂ ’ਚੋਂ ਕਈ ਕਬੀਲੇ ਸ਼ਾਮਲ ਹੁੰਦੇ ਹਨ। -ਪੀਟੀਆਈ
ਮੇਜਰ ਜਨਰਲ ਰੈਂਕ ਦਾ ਅਧਿਕਾਰੀ ਕਰੇਗਾ ‘ਕੋਰਟ ਆਫ ਇਨਕੁਆਇਰੀ’ ਦੀ ਅਗਵਾਈ
ਨਵੀਂ ਦਿੱਲੀ: ਭਾਰਤੀ ਥਲ ਸੈਨਾ ਨੇ ਨਾਗਾਲੈਂਡ ਗੋਲੀਬਾਰੀ ਘਟਨਾ ਦੀ ‘ਕੋਰਟ ਆਫ ਇਨਕੁਆਇਰੀ’ ਦੇ ਹੁਕਮ ਦਿੱਤੇ ਸਨ, ਜੋ ਹੁਣ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਹੋਵੇਗੀ। ਸ਼ਨਿੱਚਰਵਾਰ ਤੇ ਐਤਵਾਰ ਰਾਤ ਨੂੰ ਕਥਿਤ ‘ਗਲਤ ਪਛਾਣ’ ਕਰਕੇ ਵਾਪਰੀ ਇਸ ਘਟਨਾ ਵਿੱਚ 14 ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਸੀ। ਥਲ ਸੈਨਾ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ ਨੂੰ ‘ਮੰਦਭਾਗੀ’ ਤੇ ‘ਦਰਦਨਾਕ’ ਕਰਾਰ ਦਿੰਦਿਆਂ ਕਿਹਾ ਕਿ ਫੌਜ ਦਾ ਇਹ ਪੂਰਾ ਅਪਰੇਸ਼ਨ ਗ਼ਲਤ ਇੰਟੈਲੀਜੈਂਸ ਦਾ ਨਤੀਜਾ ਹੋ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਮੇਜਰ ਜਨਰਲ ਰੈਂਕ ਦਾ ਅਧਿਕਾਰੀ ਕੋਰਟ ਆਫ ਇਨਕੁਆਇਰੀ ਦੀ ਅਗਵਾਈ ਕਰੇਗਾ, ਜੋ ਸ਼ਨਿੱਚਰਵਾਰ ਸ਼ਾਮ ਨੂੰ ਨਾਗਾਲੈਂਡ ਦੇ ਮੌਨ ਜ਼ਿਲ੍ਹੇ ਵਿੱਚ 21 ਪੈਰਾ ਵਿਸ਼ੇਸ਼ ਬਲਾਂ ਵੱਲੋਂ ਕੀਤੇ ਵਿਸ਼ੇੇਸ਼ ਆਪਰੇਸ਼ਨ ਦੀ ਜਾਂਚ ਕਰੇਗਾ। ਸੂਤਰਾਂ ਨੇ ਕਿਹਾ ਕਿ ਜਾਂਚ ਦਾ ਕੇਂਦਰ ਬਿੰਦੂ ‘ਇੰਟੈਲੀਜੈਂਸ’ ਤੇ ‘ਹਾਲਾਤ’ ਹੋਣਗੇ, ਜੋ ਸ਼ਨਿੱਚਰਵਾਰ ਦੇ ਆਪਰੇਸ਼ਨ ਦਾ ਆਧਾਰ ਸਨ। ਸੇਵਾਮੁਕਤ ਲੈਫਟੀਨੈਂਟ ਜਨਰਲ ਅਸ਼ੋਕ ਮਹਿਤਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਇਹ ਬਹੁਤ ਮੰਦਭਾਗਾ ਹੈ। ਪ੍ਰਤੱਖ ਰੂਪ ਵਿੱਚ ਇਹ ਇੰਟੈਲੀਜੈਂਸ ਦੀ ਨਾਕਾਮੀ ਲੱਗਦੀ ਹੈ। ਮੈਨੂੰ ਤਾਂ ਇਹੀ ਲੱਗਦਾ ਹੈ। ਪਰ ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਵੀ ਬਹੁਤ ਦੁਖਦਾਈ ਸੀ। ਪਿੰਡ ਵਾਸੀ ਇੰਨੇ ਗੁੱਸੇ ਵਿੱਚ ਸਨ ਕਿ ਉਨ੍ਹਾਂ ਕਮਾਂਡੋਜ਼ ਨੂੰ ਘੇਰ ਕੇ ਉਨ੍ਹਾਂ ’ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ।
ਸਵੈ-ਰੱਖਿਆ ਵਿਚ ਉਨ੍ਹਾਂ ਨੂੰ ਪਿੰਡ ਵਾਸੀਆਂ ’ਤੇ ਫਾਇਰਿੰਗ ਕਰਨੀ ਪਈ।’’ ਮਹਿਤਾ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ। ਉਨ੍ਹਾਂ ਕਿਹਾ, ‘‘ਹਾਲੀਆ ਸਮਿਆਂ ਵਿੱਚ ਬਾਗ਼ੀਆਂ ਦੇ ਟਾਕਰੇ ਜਾਂ ਫੌਜੀ ਆਪਰੇਸ਼ਨਾਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ (ਇੰਟੈਲੀਜੈਂਸ) ਨਾਕਾਮੀ ਹੈ।’’
ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਦੀ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਐਕਟ (ਅਫਸਪਾ) ਵਾਪਸ ਲੈਣ ਦੀ ਕੀਤੀ ਜਾ ਰਹੀ ਮੰਗ ਦੇ ਸੰਦਰਭ ਵਿੱਚ ਮਹਿਤਾ ਨੇ ਕਿਹਾ, ‘‘ਜੇਕਰ ਤੁਸੀਂ ਅਫ਼ਸਪਾ ਨੂੰ ਵਾਪਸ ਲਿਆ ਤਾਂ ਹਥਿਆਰਬੰਦ ਬਲ ਕੰਮ ਨਹੀਂ ਕਰ ਸਕਣਗੇ ਕਿਉਂਕਿ ਉਨ੍ਹਾਂ ਕੋਲ ਨਾ ਤਾਂ ਕੋਈ ਪੁਲੀਸ ਪਾਵਰ ਰਹੇਗੀ ਤੇ ਨਾ ਹੀ ਸੁਰੱਖਿਆ।’’ -ਪੀਟੀਆਈ