ਜੰਮੂ, 30 ਅਗਸਤ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨੇੜੇ ਐਤਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਵਿੱਚ ਥਲ ਸੈਨਾ ਦਾ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ। ਰੱਖਿਆ ਸੂਤਰਾਂ ਨੇ ਦੱਸਿਆ ਕਿ ਫੌਜ ਨੇ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਰੇਖਾ ’ਤੇ ਪਾਕਿਸਤਾਨ ਨੇ ਬਗ਼ੈਰ ਕਿਸੇ ਭੜਕਾਹਟ ਤੋਂ ਗੋਲੀਬਾਰੀ ਕੀਤੀ ਤੇ ਭਾਰਤ ਨੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ। ਗੋਲੀਬਾਰੀ ਵਿੱਚ ਜੇਸੀਓ ਗਭੀਰ ਜ਼ਖ਼ਮੀ ਹੋ ਗਿਆ ਤੇ ਬਾਅਦ ਵਿੱਚ ਸ਼ਹੀਦ ਹੋ ਗਿਆ।
ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਰਾਜਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਦੀ ਸ਼ਹਾਦਤ ਨਾਲ ਸਮੁੱਚੇ ਇਲਾਕੇ ਵਿੱਚ ਸੋਗ ਫੈਲ ਗਿਆ। ਸ਼ਹੀਦ ਰਾਜਵਿੰਦਰ ਸਿੰਘ ਦਾ ਪਿਤਾ ਜਗੀਰ ਸਿੰਘ ਫੌਜ ਵਿੱਚੋ ਰਿਟਾਇਰ ਹੋਇਆ ਸੀ। ਜਗੀਰ ਸਿੰਘ ਦੀ ਕਰੀਬ 2 ਸਾਲ ਪਹਿਲਾ ਮੌਤ ਹੋ ਗਈ ਸੀ। ਭਰਾ ਸੁਖਵਿੰਦਰ ਸਿੰਘ ਵੀ ਫੌਜ ਵਿੱਚ, ਜਿਸ ਦੀ ਸਾਲ 2009 ਵਿਚ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਸ਼ਹੀਦ ਰਾਜਵਿੰਦਰ ਸਿੰਘ ਦੇ ਬੱਚੇ ਅਜੇ ਛੋਟੇ ਹਨ। ਉਸ ਦਾ ਇਕ ਪੁੱਤਰ ਪੁੱਤਰ ਤੇ 2 ਬੇਟੀਆ ਹਨ। ਪੁੱਤਰ ਜੋਬਨਜੀਤ ਸਿੰਘ ਦੀ ਉਮਰ 16 ਸਾਲ ਹੈ।
ਮੁੱਖ ਮੰਤਰੀ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਦੇ ਪਰਿਵਾਰ ਨੂੰ 50 ਲੱਖ ਰੁਪਏ ਦੇਣ ਦਾ ਐਲਾਨ
ਚੰਡੀਗੜ੍ਹ(ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗੋਲੀਬਾਰੀ ਦੌਰਾਨ 1 ਸਿੱਖ ਲਾਈਟ ਇਨਫੈਂਟਰੀ ਯੂਨਿਟ ਦੇ ਸ਼ਹੀਦ ਹੋਏ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਰਿਵਾਰ ’ਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ।