ਨਵੀਂ ਦਿੱਲੀ: ‘ਟਵਿੱਟਰ’ ਨੇ ਅੱਜ ਭਾਰਤ ਦੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੇ ਨਿੱਜੀ ਖਾਤੇ ਤੋਂ ‘ਬਲੂ ਟਿੱਕ’ ਹਟਾ ਲਈ। ਦੱਸਣਯੋਗ ਹੈ ਕਿ ‘ਬਲੂ ਟਿੱਕ’ ਖਾਤੇ ਦੇ ਅਸਲੀ ਹੋਣ ਦੀ ਪੁਸ਼ਟੀ ਕਰਦਾ ਹੈ। ਉਪ ਰਾਸ਼ਟਰਪਤੀ ਸਕੱਤਰੇਤ ਦੇ ਅਧਿਕਾਰੀਆਂ ਨੇ ਕਿਹਾ ਕਿ ਨਾਇਡੂ ਦਾ ਟਵਿੱਟਰ ਹੈਂਡਲ ਲੰਮੇ ਸਮੇਂ ਤੋਂ ਸਰਗਰਮ ਨਹੀਂ ਸੀ ਤੇ ਟਵਿੱਟਰ ਦੇ ਐਲਗੋਰਿਦਮ ਨੇ ਆਪਣੇ ਆਪ ਬਲੂ ਨਿਸ਼ਾਨ ਹਟਾ ਦਿੱਤਾ। ਉਨ੍ਹਾਂ ਕਿਹਾ ਕਿ ਟਵਿੱਟਰ ਨੇ ਮੁੜ ਤੋਂ ‘ਬਲੂ ਟਿੱਕ’ ਲਾ ਦਿੱਤਾ ਹੈ ਤੇ ਅਕਾਊਂਟ ਹੁਣ ਵੈਰੀਫਾਈਡ ਹੈ। ਇਸ ਟਵਿੱਟਰ ਖਾਤੇ ਤੋਂ ਆਖ਼ਰੀ ਟਵੀਟ ਪਿਛਲੇ ਸਾਲ 23 ਜੁਲਾਈ ਨੂੰ ਕੀਤਾ ਗਿਆ ਸੀ। ਟਵਿੱਟਰ ਨੇ ਅੱਜ ਆਰਐੱਸਐੱਸ ਮੁਖੀ ਮੋਹਨ ਭਾਗਵਤ ਤੇ ਸੰਘ ਦੇ ਹੋਰਾਂ ਅਹੁਦੇਦਾਰਾਂ ਦੇ ਅਕਾਊਂਟ ਤੋਂ ਵੀ ‘ਬਲੂ ਟਿੱਕ’ ਹਟਾ ਲਏ। ‘ਬਲੂ ਟਿੱਕ’ ਹੀ ਅਕਾਊਂਟ ਦੇ ਅਸਲੀ ਹੋਣ ਦੀ ਪੁਸ਼ਟੀ ਕਰਦਾ ਹੈ। ਹਾਲਾਂਕਿ ਮਗਰੋਂ ਕਾਫ਼ੀ ਰੌਲੇ-ਰੱਪੇ ਤੋਂ ਬਾਅਦ ‘ਬਲੂ ਟਿੱਕ’ ਬਹਾਲ ਕਰ ਦਿੱਤੇ ਗਏ। ਪਲੈਟਫਾਰਮ ਵੱਲੋਂ ਟਿੱਕ ਹਟਾਉਣ ’ਤੇ ਸੰਘ ਨਾਲ ਹਮਦਰਦੀ ਰੱਖਣ ਵਾਲਿਆਂ ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਹੰਗਾਮਾ ਕੀਤਾ ਤੇ ਟਿੱਕ ਵਾਪਸ ਲਾਉਣ ਦੀ ਮੰਗ ਕੀਤੀ। ਰਾਸ਼ਟਰੀ ਸਵੈਮਸੇਵਕ ਸੰਘ ਦੀ ਦਿੱਲੀ ਇਕਾਈ ਦੇ ਪ੍ਰਧਾਨ ਰਾਜੀਵ ਤੁਲੀ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਟਵਿੱਟਰ ਦੀ ਇਹ ਕਾਰਵਾਈ ‘ਸਿੱਧੇ ਤੌਰ ’ਤੇ ਪੱਖਪਾਤੀ ਹੈ ਅਤੇ ਇਸ ਵਿਚੋਂ ਟਵਿੱਟਰ ਦੀ ਤਕਨੀਕੀ ਜਾਗੀਰਦਾਰੀ ਦੀ ਝਲਕ ਪੈਂਦੀ ਹੈ।’ ਉਨ੍ਹਾਂ ਕਿਹਾ ਕਿ ਕਈ ਅਜਿਹੇ ਖਾਤੇ ਹਨ ਜੋ ਲੰਮੇ ਸਮੇਂ ਤੋਂ ਸਰਗਰਮ ਨਹੀਂ ਸਨ ਪਰ ਫਿਰ ਵੀ ਵੈਰੀਫਾਈਡ ਹਨ। ਸ਼ਨਿਚਰਵਾਰ ਨੂੰ ਮਗਰੋਂ ਭਾਗਵਤ, ਸੁਰੇਸ਼ ਸੋਨੀ, ਅਰੁਣ ਕੁਮਾਰ, ਸੁਰੇਸ਼ ਜੋਸ਼ੀ ਤੇ ਕ੍ਰਿਸ਼ਨ ਗੋਪਾਲ ਦੇ ਟਵਿੱਟਰ ਖਾਤਿਆਂ ਉਤੇ ‘ਬਲੂ ਟਿੱਕ’ ਵਾਪਸ ਆ ਗਿਆ। ਤੁਲੀ ਨੇ ਕਿਹਾ ਕਿ ਟਵਿੱਟਰ ਨੇ ਅਜਿਹਾ ਲੋਕਾਂ ਵੱਲੋਂ ਲਗਾਤਾਰ ਸਵਾਲ ਪੁੱਛੇ ਜਾਣ ਉਤੇ ਹੀ ਕੀਤਾ। -ਪੀਟੀਆਈ