ਚੇਨੱਈ, 28 ਮਈ
ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਦ੍ਰਾਵਿੜ ਨੇਤਾ ਤੇ ਤਾਮਿਲਨਾਡੂ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਆਗੂ ਐੱਮ ਕਰੁਣਾਨਿਧੀ ਦੇ ਬੁੱਤ ਤੋਂ ਪਰਦਾ ਹਟਾਇਆ। ਇਸ ਦੌਰਾਨ ਕਰੁਣਾਨਿਧੀ ਦੇ ਪੁੱਤਰ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਵੀ ਮੌਜੂਦ ਸਨ। ਓਮਾਨਦੁਰਾਰ ਅਸਟੇਟ ਸਥਿਤ ਮਲਟੀ ਸੁਪਰ ਸਪੈਸ਼ਲਿਟੀ ਸਰਕਾਰੀ ਹਸਪਤਾਲ ਦੇ ਕੈਂਪਸ ’ਚ ਇਹ ਬੁੱਤ ਸਥਾਪਤ ਕੀਤਾ ਗਿਆ ਹੈ। ਇਹ ਬੁੱਤ ਪੁਰਾਣੇ ਬੁੱਤ ਤੋਂ ਸੌ ਕੁ ਮੀਟਰ ਦੀ ਦੂਰੀ ’ਤੇ ਲਾਇਆ ਗਿਆ ਹੈ ਜਿਸ ਨੂੰ 35 ਸਾਲ ਪਹਿਲਾਂ ਏਆਈਏਡੀਐੱਮਕੇ ਦੇ ਬਾਨੀ ਐੱਮਜੀ ਰਾਮਚੰਦਰਨ ਦੇ ਦੇਹਾਂਤ ਮਗਰੋਂ ਤੋੜ ਦਿੱਤਾ ਗਿਆ ਸੀ। ਕਾਂਸੇ ਤੋਂ ਬਣਿਆ ਇਹ 16 ਫੁੱਟ ਉੱਚਾ ਬੁੱਤ 14 ਫੁੱਟ ਉੱਚੇ ਥੜ੍ਹੇ ’ਤੇ ਸਥਾਪਤ ਕੀਤਾ ਗਿਆ ਹੈ। ਬੁੱਤ ਤੋਂ ਪਰਦਾ ਹਟਾਉਣ ਮਗਰੋਂ ਉੱਪ ਰਾਸ਼ਟਰਪਤੀ ਨਾਇਡੂ, ਮੁੱਖ ਮੰਤਰੀ ਸਟਾਲਿਨ ਤੇ ਹੋਰ ਆਗੂਆਂ ਨੇ ਕਰੁਣਾਨਿਧੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। -ਪੀਟੀਆਈ