ਨਵੀਂ ਦਿੱਲੀ, 31 ਜਨਵਰੀ
ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਬਜਟ ਇਜਲਾਸ ਦੌਰਾਨ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਸਹਿਯੋਗ ਦੇਣ। ਸੂਤਰਾਂ ਨੇ ਕਿਹਾ ਕਿ ਆਗੂਆਂ ਨੇ ਭਰੋਸਾ ਦਿੱਤਾ ਕਿ ਸਾਰੀਆਂ ਬਹਿਸਾਂ ’ਚ ਹਿੱਸਾ ਲਿਆ ਜਾਵੇਗਾ। ਇਸ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਰਾਜ ਸਭਾ ਤੈਅ ਪ੍ਰੋਗਰਾਮ ਮੁਤਾਬਕ 15 ਫਰਵਰੀ ਦੀ ਬਜਾਏ 13 ਫਰਵਰੀ ਨੂੰ ਪਹਿਲੇ ਪੜਾਅ ਲਈ ਉੱਠ ਜਾਵੇਗੀ। ਸਰਬ ਪਾਰਟੀ ਮੀਟਿੰਗ ’ਚ ਕਈ ਮੰਤਰੀਆਂ ਅਤੇ ਵੱਖ ਵੱਖ ਪਾਰਟੀਆਂ ਦੇ ਕਰੀਬ 25 ਆਗੂਆਂ ਨੇ ਹਿੱਸਾ ਲਿਆ। ਆਗੂਆਂ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਅਤੇ ਆਮ ਬਜਟ ’ਤੇ ਬਹਿਸ ਲਈ ਵਧੇਰੇ ਸਮੇਂ ਦੀ ਮੰਗ ਕੀਤੀ। ਸ੍ਰੀ ਨਾਇਡੂ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਹੋਰ ਸਬੰਧਤਾਂ ਨੂੰ ਇਸ ਬਾਰੇ ਮੁੜ ਤੋਂ ਵਿਚਾਰ ਕਰਨ ਲਈ ਕਿਹਾ।
ਉਨ੍ਹਾਂ ਮੰਤਰੀਆਂ ਨੂੰ ਕਿਹਾ ਕਿ ਉਹ ਸਦਨ ’ਚ ਆਪਣੇ ਜਵਾਬ ਨੂੰ ਸੰਖੇਪ ਰੱਖਣ ਤਾਂ ਜੋ ਮੈਂਬਰਾਂ ਨੂੰ ਵਧੇਰੇ ਸਮਾਂ ਮਿਲ ਸਕੇ। ਮੀਟਿੰਗ ’ਚ ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼, ਸਦਨ ਦੇ ਆਗੂ ਥਾਵਰਚੰਦ ਗਹਿਲੋਤ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਜੈਰਾਮ ਰਮੇਸ਼, ਐੱਚ ਡੀ ਦੇਵਗੌੜਾ, ਭੁਪਿੰਦਰ ਯਾਦਵ, ਰਾਮ ਗੋਪਾਲ ਯਾਦਵ ਅਤੇ ਹੋਰ ਆਗੂ ਹਾਜ਼ਰ ਸਨ। -ਪੀਟੀਆਈ