ਅਜਮੇਰ, 16 ਫਰਵਰੀ
ਕੇਂਦਰੀ ਘੱਟ ਗਿਣਤੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਦਰਗਾਹ ਅਜਮੇਰ ਸ਼ਰੀਫ ’ਚ ਖਵਾਜਾ ਮੋਈਨੂਦੀਨ ਚਿਸ਼ਤੀ ਦੇ 809ਵੇਂ ਉਰਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੀ ਗਈ ਚਾਦਰ ਚੜ੍ਹਾਈ। ਇਸ ਮੌਕੇ ਸ੍ਰੀ ਨਕਵੀ ਨੇ ਕਿਹਾ ਕਿ ਸਹਿਣਸ਼ੀਲਤਾ ਤੇ ਸੁਹਿਰਦਤਾ ਹੀ ਭਾਰਤੀ ਸੰਸਕ੍ਰਿਤੀ ਤੇ ਸੰਸਕਾਰ ਹੈ। ਇਸ ਤਾਕਤ ਨੂੰ ਕੋਈ ਵੀ ਨਕਾਰਾਤਮਕ ਸਾਜ਼ਿਸ਼ ਨੁਕਸਾਨ ਨਹੀਂ ਪਹੁੰਚਾ ਸਕਦੀ।
ਉਨ੍ਹਾਂ ਇੱਥੇ ਦਰਗਾਹ ’ਤੇ ਪ੍ਰਧਾਨ ਮੰਤਰੀ ਵੱਲੋਂ ਭੇਜੀ ਚਾਦਰ ਚੜ੍ਹਾਈ ਅਤੇ ਵੱਡੀ ਗਿਣਤੀ ’ਚ ਹਾਜ਼ਰ ਸਮਾਜ ਦੇ ਸਾਰੇ ਵਰਗ ਦੇ ਲੋਕਾਂ ਨੂੰ ਉਨ੍ਹਾਂ ਦਾ ਸੁਨੇਹਾ ਪੜ੍ਹ ਕੇ ਸੁਣਾਇਆ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ’ਚ ਖਵਾਜਾ ਮੋਈਨੂਦੀਨ ਚਿਸ਼ਤੀ ਦੇ 809ਵੇਂ ਉਰਸ ਮੌਕੇ ਦੁਨੀਆਂ ਭਰ ’ਚ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਵਧਾਈ ਤੇ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਾਲਾਨਾ ਉਤਸਵ ਕੌਮੀ ਏਕਤਾ ਤੇ ਭਾਈਚਾਰੇ ਦੀ ਖੂਬਸੂਰਤ ਮਿਸਾਲ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ, ਭਾਈਚਾਰਿਆਂ ਤੇ ਉਨ੍ਹਾਂ ਨਾਲ ਜੁੜੀਆਂ ਮਾਨਤਾਵਾਂ ਦੀ ਹੋਂਦ ਦੀ ਸਾਡੇ ਦੇਸ਼ ਦੀ ਵਿਰਾਸਤ ਹੈ ਅਤੇ ਇਸ ਵਿਰਾਸਤ ਨੂੰ ਸੰਭਾਲਣ ਤੇ ਮਜ਼ਬੂਤ ਬਣਾਉਣ ’ਚ ਦੇਸ਼ ਦੇ ਵੱਖ ਵੱਖ ਸਾਧੂ ਸੰਤਾਂ, ਪੀਰਾਂ-ਫਕੀਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਭੇਜੀ ਗਈ ਚਾਦਰ ਦਾ ਉੱਥੇ ਹਾਜ਼ਰ ਲੋਕਾਂ ਨੇ ਪੂਰੇ ਸਨਮਾਨ ਨਾਲ ਸਵਾਗਤ ਕੀਤਾ। ਸ੍ਰੀ ਨਕਵੀ ਨੇ ਇੱਥੇ 88 ਪਖਾਨਿਆਂ ਦੇ ਬਲਾਕ, ਨਵੇਂ ਬਣੇ ਰੈਣ ਬਸੇਰੇ ਅਤੇ ਗੈਸਟ ਹਾਊਸ ਦੀ ਚੌਥੀ ਮੰਜ਼ਿਲ ਦਾ ਉਦਘਾਟਨ ਕੀਤਾ। -ਪੀਟੀਆਈ