ਕੋਲਕਾਤਾ, 21 ਮਈ
ਕਲਕੱਤਾ ਹਾਈ ਕੋਰਟ ਨੇ ਨਾਰਦਾ ਸਟਿੰਗ ਕੇਸ ’ਚ ਫੜੇ ਗਏ ਚਾਰ ਆਗੂਆਂ ਨੂੰ ਘਰ ’ਚ ਨਜ਼ਰਬੰਦ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ’ਚ ਪੱਛਮੀ ਬੰਗਾਲ ਦੇ ਦੋ ਮੰਤਰੀ ਸੁਬ੍ਰਤਾ ਮੁਖਰਜੀ ਤੇ ਫਰਹਾਦ ਹਕੀਮ ਵੀ ਸ਼ਾਮਲ ਹਨ। ਜ਼ਮਾਨਤ ’ਤੇ ਰੋਕ ਹਟਾਉਣ ਦੇ ਮੁੱਦੇ ’ਤੇ ਕਾਰਜਕਾਰੀ ਚੀਫ਼ ਜਸਟਿਸ ਰਾਜੇਸ਼ ਬਿੰਦਲ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ’ਚ ਜੱਜਾਂ ਦੀ ਰਾਏ ਵੱਖੋ ਵੱਖਰੀ ਸੀ। ਇਸ ਮਗਰੋਂ ਬੈਂਚ ਨੇ ਨਿਰਦੇਸ਼ ਦਿੱਤੇ ਕਿ ਜੁਡੀਸ਼ਲ ਰਿਮਾਂਡ ’ਤੇ ਭੇਜੇ ਗਏ ਆਗੂਆਂ ਨੂੰ ਹੁਣ ਘਰ ’ਚ ਨਜ਼ਰਬੰਦ ਕੀਤਾ ਜਾਵੇ। ਕਾਰਜਕਾਰੀ ਚੀਫ਼ ਜਸਟਿਸ ਰਾਜੇਸ਼ ਬਿੰਦਲ ਅਤੇ ਜਸਟਿਸ ਅਰਿਜੀਤ ਬੈਨਰਜੀ ਵਿਚਕਾਰ ਇਕ ਰਾਏ ਨਾ ਬਣਨ ’ਤੇ ਇਹ ਫ਼ੈਸਲਾ ਲਿਆ ਗਿਆ ਕਿ ਕੇਸ ’ਤੇ ਸੁਣਵਾਈ ਵੱਖਰਾ ਬੈਂਚ ਕਰੇਗਾ। ਸੀਬੀਆਈ ਵੱਲੋਂ ਪੇਸ਼ ਹੋਏ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਹੁਕਮਾਂ ’ਤੇ ਰੋਕ ਲਾਉਣ ਦੀ ਅਪੀਲ ਕੀਤੀ। ਇਨ੍ਹਾਂ ਆਗੂਆਂ ਨੂੰ ਸੀਬੀਆਈ ਨੇ ਸੋਮਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਮਗਰੋਂ ਉਨ੍ਹਾਂ ਨੂੰ ਹੇਠਲੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਪਰ ਸੋਮਵਾਰ ਦੇਰ ਰਾਤ ਹਾਈ ਕੋਰਟ ਨੇ ਜ਼ਮਾਨਤ ’ਤੇ ਰੋਕ ਲਗਾ ਦਿੱਤੀ ਸੀ। -ਪੀਟੀਆਈ