ਕੋਲਕਾਤਾ, 19 ਮਈ
ਕਲਕੱਤਾ ਹਾਈ ਕੋਰਟ ਨੇ ਨਾਰਦਾ ਕੇਸ ’ਤੇ ਸੁਣਵਾਈ ਭਲਕ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸੁਣਵਾਈ ਲਈ ਅੱਜ ਦੋ ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ। ਪਰ ਮਗਰੋਂ ਇਸ ਨੂੰ ਭਲਕ ਤੱਕ ਮੁਲਤਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਸੀਬੀਆਈ ਨੇ ਪੱਛਮੀ ਬੰਗਾਲ ਦੇ ਦੋ ਮੰਤਰੀਆਂ, ਇਕ ਵਿਧਾਇਕ ਤੇ ਕੋਲਕਾਤਾ ਦੇ ਸਾਬਕਾ ਮੇਅਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਨੂੰ ਸੁਣਵਾਈ ਟਾਲੇ ਜਾਣ ਕਾਰਨ ਮੰਤਰੀ ਸੁਬਰਤਾ ਮੁਖਰਜੀ ਤੇ ਫਿਰਹਾਦ ਹਕੀਮ, ਟੀਐਮਸੀ ਵਿਧਾਇਕ ਮਦਨ ਮਿੱਤਰਾ ਤੇ ਸਾਬਕਾ ਮੇਅਰ ਸੋਵਨ ਚੈਟਰਜੀ ਨੂੰ ਹੋਰ ਸਮਾਂ ਜੇਲ੍ਹ ਵਿਚ ਰਹਿਣਾ ਪਿਆ। ਚੀਫ਼ ਜਸਟਿਸ ਰਾਜੇਸ਼ ਬਿੰਦਾਲ ਤੇ ਜਸਟਿਸ ਅਰਿਜੀਤ ਬੈਨਰਜੀ ਭਲਕੇ ਸੀਬੀਆਈ ਦੀ ਪਟੀਸ਼ਨ ਉਤੇ ਸੁਣਵਾਈ ਕਰਨਗੇ ਜਿਸ ਵਿਚ ਕੇਂਦਰੀ ਏਜੰਸੀ ਨੇ ਕੇਸ ਸੂਬੇ ਤੋਂ ਬਾਹਰ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਚਾਰਾਂ ਆਗੂਆਂ ਨੇ ਵੀ ਇਕ ਅਰਜ਼ੀ ਦਾਇਰ ਕੀਤੀ ਹੋਈ ਹੈ ਜਿਸ ਵਿਚ ਉਨ੍ਹਾਂ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਸੀਬੀਆਈ ਅਦਾਲਤ ਵੱਲੋਂ ਮਿਲੀ ਜ਼ਮਾਨਤ ’ਤੇ ਲਾਈ ਰੋਕ ਵਾਪਸ ਲਈ ਜਾਵੇ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਸੋਮਵਾਰ ਰਾਤ ਹੇਠਲੀ ਅਦਾਲਤ ਦੇ ਫ਼ੈਸਲੇ ’ਤੇ ਰੋਕ ਲਾ ਦਿੱਤੀ ਸੀ ਜਿਸ ਵਿਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੋਈ ਸੀ। ਕੇਸ ਨੂੰ ਰਾਜ ਤੋਂ ਬਾਹਰ ਟਰਾਂਸਫਰ ਕਰਨ ਬਾਰੇ ਸੀਬੀਆਈ ਨੇ ਜਿਹੜੀ ਪਟੀਸ਼ਨ ਕਲਕੱਤਾ ਹਾਈ ਕੋਰਟ ਵਿਚ ਦਾਇਰ ਕੀਤੀ ਹੈ, ਉਸ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਬੰਗਾਲ ਦੇ ਕਾਨੂੰਨ ਮੰਤਰੀ ਮੋਲੋਏ ਘਟਕ ਨੂੰ ਵੀ ਧਿਰ ਬਣਾਇਆ ਗਿਆ ਹੈ। -ਪੀਟੀਆਈ
ਪੱਛਮੀ ਬੰਗਾਲ ਦੇ ਰਾਜਪਾਲ ਨੂੰ ਵਾਪਸ ਸੱਦਿਆ ਜਾਵੇ: ਸ਼ਿਵ ਸੈਨਾ
ਮੁੰਬਈ: ਸ਼ਿਵ ਸੈਨਾ ਨੇ ਅੱਜ ਮੰਗ ਕੀਤੀ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਤੁਰੰਤ ਵਾਪਸ ਸੱਦਿਆ ਜਾਵੇ। ਪਾਰਟੀ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਰਾਜਪਾਲ ਸਿਆਸੀ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ‘ਸਾਮਨਾ’ ਵਿਚ ਸੈਨਾ ਨੇ ਕਿਹਾ ਕਿ ਬੰਗਾਲ ਦੇ ਰਾਜਪਾਲ ਦਾ ਵਿਹਾਰ ‘ਸੰਵਿਧਾਨ ਵਿਰੋਧੀ’ ਹੈ।