ਕੋਲਕਾਤਾ, 18 ਮਈ
ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮਦਨ ਮਿੱਤਰਾ ਅਤੇ ਪਾਰਟੀ ਦੇ ਸਾਬਕਾ ਨੇਤਾ ਸ਼ੋਵਨ ਚੈਟਰਜੀ ਨੂੰ ਜੇਲ੍ਹ ’ਚ ਸਿਹਤ ਵਿਗੜਨ ਤੋਂ ਅੱਜ ਤੜਕੇ ਇੱਕ ਹਸਪਤਾਲ ਦਾਖਲ ਕਰਾਇਆ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਆਗੂਆਂ ਨੂੰ ਸਰਕਾਰੀ ਐੱਸਐੱਸਕੇਐੱਮ ਹਸਪਤਾਲ ਲਿਜਾਇਆ ਗਿਆ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ’ਚ ਦਿੱਕਤ ਆਉਣ ਦੀ ਸ਼ਿਕਾਇਤ ਸੀ। ਸੀਬੀਆਈ ਨੇ ਨਾਰਦਾ ਸਟਿੰਗ ਕੇਸ ’ਚ ਪੱਛਮੀ ਬੰਗਾਲ ਦੇ ਮੰਤਰੀ ਫਰਹਾਦ ਹਕੀਮ ਤੇ ਸੁਬ੍ਰਤ ਮੁਖਰਜੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ ਚਾਰਾਂ ਨੂੰ ਲੰਘੀ ਦੇਰ ਰਾਤ ਕੋਲਕਾਤਾ ਦੀ ਪ੍ਰੈਜ਼ੀਡੈਂਸੀ ਜੇਲ੍ਹ ਲਿਜਾਇਆ ਗਿਆ ਸੀ।
ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਚੈਟਰਜੀ ਤੇ ਮਿੱਤਰਾ ਨੇ ਤੜਕੇ ਤਿੰਨ ਵਜੇ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਦੀ ਸ਼ਿਕਾਇਤ ਕੀਤੀ ਜਿਸ ਮਗਰੋੋੋੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੋਵਾਂ ਨੂੰ ਐੱਐੱਸਕੇਐੱਮ ਹਸਪਤਾਲ ਦੇ ਵੁੱਡਬਰਨ ਵਾਰਡ ’ਚ ਰੱਖਿਆ ਗਿਆ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।’ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ’ਚ ਨਾਸਾਜ਼ ਮਹਿਸੂਸ ਕਰਨ ਵਾਲੇ ਮੁਖਰਜੀ ਨੂੰ ਵੀ ਅੱਜ ਤੜਕੇ ਸਿਹਤ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਜਾਂਚ ਮਗਰੋਂ ਮੰਤਰੀ ਨੂੰ ਜੇਲ੍ਹ ਲਿਜਾਇਆ ਗਿਆ ਕਿਉਂਕਿ ਉਹ ਹਸਪਤਾਲ ਭਰਤੀ ਨਹੀਂ ਹੋਣਾ ਚਾਹੁੰਦੇ ਸਨ। ਮੁਖਰਜੀ ਨੂੰ ਜਾਂਚ ਲਈ ਅੱਜ ਸਵੇਰੇ ਫਿਰ ਹਸਪਤਾਲ ਜਾਂਚ ਲੲ ਲਿਜਾਇਆ ਗਿਆ। ਹਕੀਮ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਆਗੂਆਂ ਦੇ ਹਸਪਤਾਲ ਦਾਖਲ ਹੋਣ ਦੇ ਮੱਦੇਨਜ਼ਰ ਕੋਲਕਾਤਾ ਪੁਲੀਸ ਦੇ ਮੁਲਾਜ਼ਮ ਉੱਥੇ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਲੰਘੀ ਰਾਤ ਕਲਕੱਤਾ ਹਾਈ ਕੋਰਟ ਵੱਲੋਂ ਜ਼ਮਾਨਤ ’ਤੇ ਰੋਕ ਲਾਏ ਜਾਣ ਮਗਰੋਂ ਚਾਰਾਂ ਆਗੂਆਂ ਨੂੰ ਕੋਲਕਾਤਾ ’ਚ ਪ੍ਰੈਜ਼ੀਡੈਂਸੀ ਜੇਲ੍ਹ ਲਿਜਾਇਆ ਗਿਆ। ਸੀਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਟੀਐੱਮਸੀ ਦੇ ਚਾਰਾਂ ਆਗੂਆਂ ਨੂੰ ਨਿਜ਼ਾਮ ਪੈਲੇਸ ਸਥਿਤ ਸੀਬੀਆਈ ਦਫ਼ਤਰ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ਲਿਜਾਇਆ ਗਿਆ। ਇਸ ਮੌਕੇ ਹਕੀਮ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ। ਭਾਜਪਾ ਉਨ੍ਹਾਂ ਦੇ ਸ਼ੋਸ਼ਣ ਲਈ ਕਿਸੇ ਦੀ ਵੀ ਵਰਤੋਂ ਕਰ ਸਕਦੀ ਹੈ। ਮਿੱਤਰਾ ਨੇ ਕਿਹਾ, ‘ਮੁਕੁਲ ਰੋਏ ਤੇ ਸ਼ੁਵੇਂਦੂ ਅਧਿਕਾਰੀ ਨੂੰ ਛੱਡ ਕੇ ਅਸੀਂ ਸਾਰੇ ਬੁਰੇ ਹਾਂ।’ -ਪੀਟੀਆਈ