ਨਵੀਂ ਦਿੱਲੀ, 7 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਗੁੱਝੇ ਅਤੇ ਹੱਦਾਂ-ਸਰਹੱਦਾਂ ਤੋਂ ਪਾਰ’ ਦੇ ਦਹਿਸ਼ਤੀ ਖ਼ਤਰਿਆਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਉਸ ਨਾਲ ਢੁੱਕਵੇਂ ਢੰਗ ਨਾਲ ਸਿੱਝਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ’ਤੇ ਜ਼ੋਰ ਦਿੱਤਾ ਹੈ। ਅਤਿਵਾਦ ਵਿਰੋਧੀ ਕਾਨਫਰੰਸ-2024 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਸਾਡੇ ਖ਼ਿਲਾਫ਼ ਗੁੱਝੇ ਅਤੇ ਸਰਹੱਦ ਦੇ ਆਰ-ਪਾਰ ਤੋਂ ਦਹਿਸ਼ਤੀ ਹਮਲੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਾਜ਼ਿਸ਼ ਘੜੀ ਜਾ ਰਹੀ ਹੈ, ਜੇ ਅਸੀਂ ਉਸ ਨਾਲ ਢੁੱਕਵੇਂ ਢੰਗ ਨਾਲ ਸਿੱਝਣਾ ਹੈ ਤਾਂ ਸਾਡੇ ਨੌਜਵਾਨਾਂ ਨੂੰ ਉੱਚ ਤਕਨਾਲੋਜੀ ਨਾਲ ਲੈਸ ਹੋਣਾ ਪਵੇਗਾ। ਅਸੀਂ ਆਉਂਦੇ ਦਿਨਾਂ ’ਚ ਇਸ ਨੂੰ ਸਿਖਲਾਈ ਦਾ ਅਹਿਮ ਹਿੱਸਾ ਬਣਾਵਾਂਗੇ।’’ ਸ਼ਾਹ ਨੇ ਐਲਾਨ ਕੀਤਾ ਕਿ ਗ੍ਰਹਿ ਮੰਤਰਾਲਾ ਛੇਤੀ ਹੀ ਕੌਮੀ ਅਤਿਵਾਦ ਵਿਰੋਧੀ ਨੀਤੀ ਅਤੇ ਰਣਨੀਤੀ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਸੂਬਿਆਂ ਅਧੀਨ ਹੈ ਅਤੇ ਅਤਿਵਾਦ ਖ਼ਿਲਾਫ਼ ਸਿਰਫ਼ ਸੂਬਾਈ ਪੁਲੀਸ ਨੂੰ ਹੀ ਲੜਨਾ ਹੋਵੇਗਾ। ‘ਸਾਰੀਆਂ ਕੇਂਦਰੀ ਏਜੰਸੀਆਂ ਪੁਲੀਸ ਨੂੰ ਸੂਚਨਾ ਤੋਂ ਲੈ ਕੇ ਕਾਰਵਾਈ ਤੱਕ ’ਚ ਪੂਰਾ ਸਹਿਯੋਗ ਦੇਣਗੀਆਂ।’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਤਿਵਾਦ ਦੇ ਖ਼ਾਤਮੇ ਦੀ ਨੀਤੀ ਹੁਣ ਆਲਮੀ ਪੱਧਰ ’ਤੇ ਸਵੀਕਾਰੀ ਜਾ ਚੁੱਕੀ ਹੈ ਅਤੇ ਦੇਸ਼ ਨੇ ਇਸ ਨਾਲ ਸਿੱਝਣ ਲਈ ਮਜ਼ਬੂਤ ਪ੍ਰਣਾਲੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਨੂੰ 75 ਵਰ੍ਹੇ ਬੀਤ ਚੁੱਕੇ ਹਨ ਅਤੇ ਦੇਸ਼ ਦੀਆਂ ਸਰਹੱਦਾਂ ਤੇ ਅੰਦਰੂਨੀ ਸੁਰੱਖਿਆ ਕਾਇਮ ਰੱਖਣ ਲਈ 36,468 ਪੁਲੀਸ ਕਰਮੀਆਂ ਆਪਣੀ ਸ਼ਹਾਦਤ ਦੇ ਚੁੱਕੇ ਹਨ। ਉਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ 10 ਦੇ ਅੰਦਰ ਹੀ ਸਰਕਾਰ ਨੇ ਅਤਿਵਾਦ ਖ਼ਿਲਾਫ਼ ਪੁਖ਼ਤਾ ਰਣਨੀਤੀ ਅਪਣਾਈ। -ਏਐੱਨਆਈ
ਐੱਨਆਈਏ ਨੇ ਕੀਤਾ ਹੈ ਕਾਨਫਰੰਸ ਦਾ ਪ੍ਰਬੰਧ
ਦੋ ਰੋਜ਼ਾ ਅਤਿਵਾਦ ਵਿਰੋਧੀ ਕਾਨਫਰੰਸ ਦਾ ਪ੍ਰਬੰਧ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਬਿਆਨ ਮੁਤਾਬਕ ਕਾਨਫਰੰਸ ਦਾ ਮੁੱਖ ਮਕਸਦ ਅਤਿਵਾਦ ਦੇ ਖ਼ਤਰੇ ਖ਼ਿਲਾਫ਼ ਵੱਖ ਵੱਖ ਏਜੰਸੀਆਂ ਵਿਚਕਾਰ ਤਾਲਮੇਲ ਬਣਾਉਣਾ ਅਤੇ ਭਵਿੱਖ ਦੀ ਨੀਤੀ ਬਣਾਉਣ ਲਈ ਪੁਖ਼ਤਾ ਜਾਣਕਾਰੀ ਦੇਣਾ ਹੈ। ਗ੍ਰਹਿ ਮੰਤਰਾਲੇ ਮੁਤਾਬਕ ਕਾਨਫਰੰਸ ਦੌਰਾਨ ਅਤਿਵਾਦ ਖ਼ਿਲਾਫ਼ ਕਾਨੂੰਨੀ ਢਾਂਚਾ ਵਿਕਸਤ ਕਰਨ, ਤਜਰਬਿਆਂ ਅਤੇ ਵਧੀਆ ਢੰਗ-ਤਰੀਕੇ ਸਾਂਝੇ ਕਰਨ, ਉਭਰਦੀਆਂ ਤਕਨਾਲੋਜੀਆਂ ਨਾਲ ਸਬੰਧਤ ਚੁਣੌਤੀਆਂ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਚਰਚਾ ਹੋਵੇਗੀ। ਕਾਨਫਰੰਸ ’ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਪੁਲੀਸ ਅਧਿਕਾਰੀ, ਅਤਿਵਾਦ ਨਾਲ ਸਬੰਧਤ ਮੁੱਦਿਆਂ ਦੇ ਟਾਕਰੇ ਵਾਲੀਆਂ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਅਤੇ ਕਾਨੂੰਨ, ਫੋਰੈਂਸਿਕ, ਤਕਨਾਲੋਜੀ ਆਦਿ ਜਿਹੇ ਖੇਤਰਾਂ ਨਾਲ ਸਬੰਧਤ ਮਾਹਿਰ ਵੀ ਹਿੱਸਾ ਲੈ ਰਹੇ ਹਨ।