ਕੋਲਕਾਤਾ, 10 ਜੂਨ
ਬੰਗਾਲੀ ਫਿਲਮਸਾਜ਼ ਤੇ ਉਘੇ ਕਵੀ ਬੁੱਧਦੇਬ ਦਾਸਗੁਪਤਾ ਦਾ ਅੱਜ ਦੱਖਣੀ ਕੋਲਕਾਤਾ ਵਿਚ ਸਵੇਰੇ ਦੇਹਾਂਤ ਹੋ ਗਿਆ। 77 ਸਾਲਾ ਦਾਸਗੁਪਤਾ ਨੇ ਕਈ ਕੌਮੀ ਪੁਰਸਕਾਰ ਜਿੱਤੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਕਿਡਨੀ ਤੇ ਹੋਰ ਬਿਮਾਰੀਆਂ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ ਕਿ ਉਹ ਬੁੱਧਦੇਵ ਦੇ ਦੇਹਾਂਤ ਕਾਰਨ ਦੁਖੀ ਹਾਂ। ਉਨ੍ਹਾਂ ਦੇ ਕਈ ਕੰਮਾਂ ਨਾਲ ਸਮਾਜ ਦਾ ਭਲਾ ਹੋਇਆ ਹੈ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਘੇਰਾ ਕਾਫੀ ਵਿਸ਼ਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਪਰਿਵਾਰ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਬੁੱਧਦੇਵ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਬੁੱਧਦੇਵ ਨੇ ਆਪਣੇ ਕੰਮਾਂ ਜ਼ਰੀਏ ਸਿਨੇਮਾ ਦੀ ਭਾਸ਼ਾ ਵਿਚ ਗੀਤਵਾਦ ਦਾ ਸੰਚਾਰ ਕੀਤਾ। ਉਨ੍ਹਾਂ ਦੀ ਮੌਤ ਨਾਲ ਫਿਲਮੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਤੋਂ ਇਲਾਵਾ ਸੂਬੇ ਦੇ ਟਰਾਂਸਪੋਰਟ ਮੰਤਰੀ ਨੇ ਵੀ ਬੁੱਧਦੇਬ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ।
ਬੁੱਧਦੇਬ ਨੂੰ ਫਿਲਮ ‘ਉਤਾਰਾ’ ਅਤੇ ‘ਸਵੱਪਨਰ ਦਿਨ’ ਵਿੱਚ ਸਰਬੋਤਮ ਨਿਰਦੇਸ਼ਨ ਲਈ ਕੌਮੀ ਫਿਲਮ ਪੁਰਸਕਾਰ ਨਾਲ ਨਿਵਾਜਿਆ ਗਿਆ ਜਦਕਿ ‘ਬਾਘ ਬਹਾਦਰ’, ‘ਲਾਲ ਦਾਰਜਾ’ ਤੇ ‘ਕਾਲਪੁਰਸ਼’ ਨੂੰ ਨੈਸ਼ਨਲ ਫਿਲਮ ਐਵਾਰਡ ਫਾਰ ਬੈਸਟ ਫਿਲਮ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬੰਗਾਲੀ ਕਵਿਤਾ ਵਿੱਚ ਵੀ ਜ਼ਿਕਰਯੋਗ ਯੋਗਦਾਨ ਪਾਇਆ। ਉਨ੍ਹਾਂ ਦੇ ਦੇਹਾਂਤ ’ਤੇ ਫਿਲਮ ਸਨਅਤ, ਦੋਸਤਾਂ ਤੇ ਪ੍ਰਸ਼ੰਸਕਾਂ ਨੇ ਸ਼ੋਸ਼ਲ ਮੀਡੀਆ ’ਤੇ ਦੁੱਖ ਪ੍ਰਗਟਾਇਆ। -ਆਈਏਐਨਐਸ