ਨਵੀਂ ਦਿੱਲੀ, 25 ਨਵੰਬਰ
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਭਲਕੇ ਕਰੀਬ 25 ਕਰੋੜ ਵਰਕਰ ਦੇਸ਼ ਭਰ ਵਿਚ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਹੜਤਾਲ ਕਰਨਗੇ। ਅੱਜ ਜਾਰੀ ਬਿਆਨ ਵਿਚ ਦਸ ਯੂਨੀਅਨਾਂ ਦੇ ਸਾਂਝੇ ਮੰਚ ਨੇ ਕਿਹਾ ਕਿ ਹੜਤਾਲ ਸਫ਼ਲ ਕਰਨ ਲਈ ਵੱਡੇ ਪੱਧਰ ਉਤੇ ਤਿਆਰੀ ਕੀਤੀ ਗਈ ਹੈ। ਕਈ ਆਜ਼ਾਦ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਵੀ ਸਾਂਝੇ ਮੰਚ ਦਾ ਹਿੱਸਾ ਹਨ। ਹੜਤਾਲ ਦਸ ਯੂਨੀਅਨਾਂ- ਆਈਐਨਟੀਯੂਸੀ, ਏਆਈਟੀਯੂਸੀ, ਹਿੰਦ ਮਜ਼ਦੂਰ ਸਭਾ, ਸੀਆਈਟੀਯੂ, ਏਆਈਯੂਟੀਯੂਸੀ, ਟੀਯੂਸੀਸੀ ਤੇ ਸੇਵਾ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ। ਲੇਬਰ ਪ੍ਰੋਗਰੈਸਿਵ ਫੈਡਰੇਸ਼ਨ ਤੇ ਯੂਨਾਈਟਿਡ ਟਰੇਡ ਯੂਨੀਅਨ ਕਾਂਗਰਸ ਵੀ ਇਸ ਦਾ ਹਿੱਸਾ ਹਨ। ਭਾਜਪਾ ਨਾਲ ਜੁੜਿਆ ਭਾਰਤੀ ਮਜ਼ਦੂਰ ਸੰਘ ਹੜਤਾਲ ਵਿਚ ਹਿੱਸਾ ਨਹੀਂ ਲਵੇਗਾ। ਕਿਸਾਨ ਸੰਗਠਨਾਂ ਦੇ ਸਾਂਝੇ ਫਰੰਟ ਨੇ ਵੀ ਹੜਤਾਲ ਨੂੰ ਸਮਰਥਨ ਦਿੱਤਾ ਹੈ। ਹੜਤਾਲ ਦੌਰਾਨ ਨਵੇਂ ਖੇਤੀ ਤੇ ਲੇਬਰ ਕਾਨੂੰਨਾਂ ਦਾ ਵਿਰੋਧ ਕੀਤਾ ਜਾਵੇਗਾ, ਹੋਰ ਮੰਗਾਂ ਵੀ ਉਠਾਈਆਂ ਜਾਣਗੀਆਂ।
-ਪੀਟੀਆਈ