ਨਵੀਂ ਦਿੱਲੀ, 13 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਾਨਾਸ਼ਾਹੀ, ਦਹਿਸ਼ਤਗਰਦੀ ਤੇ ਹਿੰਸਕ ਕੱਟੜਵਾਦ, ਕੂੜ ਪ੍ਰਚਾਰ ਤੇ ਆਰਥਿਕ ਜ਼ੋਰ-ਜਬਰਦਸਤੀ ਤੋਂ ਪੈਦਾ ਵੱਖ-ਵੱਖ ਖ਼ਤਰਿਆਂ ਤੋਂ ਸਾਂਝੀਆਂ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਵਿਚ ਭਾਰਤ ਜੀ-7 ਦਾ ਇਕ ਸੁਭਾਵਿਕ ਭਾਈਵਾਲ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਜੀ-7 ਸਿਖ਼ਰ ਸੰਮੇਲਨ ਵਿਚ ‘ਮੁਕਤ ਸਮਾਜ ਤੇ ਮੁਕਤ ਅਰਥਵਿਵਸਥਾਵਾਂ’ ਸੈਸ਼ਨ ਵਿਚ ਮੋਦੀ ਨੇ ਆਪਣੇ ਡਿਜੀਟਲ ਸੰਬੋਧਨ ਵਿਚ ਲੋਕਤੰਤਰ, ਵਿਚਾਰਾਂ ਦੀ ਆਜ਼ਾਦੀ ਤੇ ਸੁਤੰਤਰਤਾ ਪ੍ਰਤੀ ਭਾਰਤ ਦੀ ਸਭਿਅਕ ਵਚਨਬੱਧਤਾ ਉਤੇ ਜ਼ੋਰ ਦਿੱਤਾ। ਵਿਦੇਸ਼ ਮੰਤਰਾਲੇ ਵਿਚ ਵਧੀਕ ਸਕੱਤਰ (ਆਰਥਿਕ ਸਬੰਧ) ਪੀ. ਹਰੀਸ਼ ਨੇ ਇਕ ਮੀਡੀਆ ਸੰਮੇਲਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਮੁਕਤ ਸਮਾਜਾਂ ਵਿਚ ਮਿਲਦੀ ਸੰਵੇਦਨਸ਼ੀਲਤਾ ਦਾ ਜ਼ਿਕਰ ਕੀਤਾ ਤੇ ਤਕਨੀਕੀ ਕੰਪਨੀਆਂ ਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਖ਼ਪਤਕਾਰਾਂ ਲਈ ਸੁਰੱਖਿਅਤ ਸਾਈਬਰ ਵਾਤਾਵਰਨ ਯਕੀਨੀ ਬਣਾਉਣ। ਹਰੀਸ਼ ਨੇ ਕਿਹਾ ਕਿ ਜੀ-7 ਨੇਤਾਵਾਂ ਨੇ ਸੁਤੰਤਰ, ਮੁਕਤ ਤੇ ਨਿਯਮਾਂ ਉਤੇ ਅਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਜਾਗਰ ਕੀਤਾ ਤੇ ਇਸ ਖੇਤਰ ਵਿਚ ਭਾਈਵਾਲਾਂ ਨੂੰ ਸਹਿਯੋਗ ਦੇਣ ਦਾ ਅਹਿਦ ਕੀਤਾ। ਮੋਦੀ ਨੇ ਕੋਵਿਡ ਮਹਾਮਾਰੀ ਦਾ ਸੰਦਰਭ ਦਿੰਦਿਆਂ ਕਿਹਾ ਕਿ ਜੀ-7 ਸੈਸ਼ਨਾਂ ਵਿਚ ਭਾਰਤ ਦੀ ਹਿੱਸੇਦਾਰੀ ਨਾਲ ਸਮੂਹ ਦੀ ਇਹ ਸੋਚ ਉੱਭਰਦੀ ਹੈ ਕਿ ਭਾਰਤ ਦੇ ਹਿੱਸੇ ਲਏ ਬਿਨਾਂ ਸਾਡੇ ਸਮਿਆਂ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਸੰਭਵ ਨਹੀਂ ਹੈ। ਮੋਦੀ ਨੇ ਇਕ ਸੈਸ਼ਨ ਨੂੰ ਡਿਜੀਟਲੀ ਸੰਬੋਧਨ ਕਰਦਿਆਂ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ‘ਵਨ ਅਰਥ, ਵਨ ਹੈਲਥ’ (ਇਕ ਧਰਤੀ, ਸਾਰਿਆਂ ਦੀ ਤੰਦਰੁਸਤੀ) ਦਾ ਨਜ਼ਰੀਆ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕੋਵਿਡ-19 ਵੈਕਸੀਨ ਲਈ ਪੇਟੇਂਟ ਛੱਡਣ ਬਾਰੇ ਜੀ-7 ਦੇਸ਼ਾਂ ਦੇ ਸਮਰਥਨ ਦੀ ਵੀ ਬੇਨਤੀ ਕੀਤੀ। -ਪੀਟੀਆਈ