ਨਵੀਂ ਦਿੱਲੀ, 3 ਦਸੰਬਰ
ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਕਿਹਾ ਹੈ ਕਿ ਜਲ ਸੈਨਾ ਚੀਨ ਸਮੇਤ ਸਮੁੰਦਰੀ ਇਲਾਕਿਆਂ ’ਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਤੋਂ ਜਾਣੂ ਹੈ ਅਤੇ ਉਸ ਨਾਲ ਸਿੱਝਣ ਲਈ ਉਹ ਪੂਰੀ ਤਰ੍ਹਾਂ ਨਾਲ ਤਿਆਰ ਹੈ। ਜਲ ਸੈਨਾ ਦਿਵਸ ਤੋਂ ਇਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਹਿੰਦ ਮਹਾਸਾਗਰ ਖ਼ਿੱਤੇ ’ਚ ਕੋਈ ਦਖ਼ਲ ਦੇਵੇਗਾ ਤਾਂ ਉਸ ਨਾਲ ਸਿੱਝਣ ਲਈ ਜਲ ਸੈਨਾ ਕੋਲ ਰਣਨੀਤੀ ਹੈ। ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਜਲ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਦਾ ਨਿਗਰਾਨੀ ਜਹਾਜ਼ ਪੀ-81 ਅਤੇ ਹੇਰੋਨ ਡਰੋਨ ਇਸ ਇਲਾਕੇ ’ਚ ਤਾਇਨਾਤ ਹਨ। ਉਨ੍ਹਾਂ ਕਿਹਾ,‘‘ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਉਹ ਥਲ ਅਤੇ ਹਵਾਈ ਸੈਨਾ ਨਾਲ ਤਾਲਮੇਲ ਬਣਾ ਕੇ ਕਰ ਰਹੇ ਹਾਂ।’’ ਉਨ੍ਹਾਂ ਮੁਲਕ ਸਾਹਮਣੇ ਮੌਜੂਦ ਜਲ ਸੈਨਾ ਖੇਤਰ ਦੀਆਂ ਚੁਣੌਤੀਆਂ ਬਾਰੇ ਕਿਹਾ ਕਿ ਭਾਰਤੀ ਜਲ ਸੈਨਾ ਪ੍ਰੀਖਿਆ ਦੀਆਂ ਘੜੀਆਂ ’ਚ ਡਟੇ ਰਹਿਣ ਲਈ ਵਚਨਬੱਧ ਹੈ। ਉਨ੍ਹਾਂ ਪ੍ਰਸਤਾਵਿਤ ਮੈਰੀਟਾਈਮ ਥੀਏਟਰ ਕਮਾਂਡ ਬਾਰੇ ਕਿਹਾ ਕਿ ਇਸ ਦਾ ਕੰਮ ਜਾਰੀ ਹੈ ਅਤੇ ਕੁਝ ਸਮੇਂ ਬਾਅਦ ਇਸ ਦਾ ਆਕਾਰ ਸਾਰਿਆਂ ਦੇ ਸਾਹਮਣੇ ਆਵੇਗਾ। ਜਲ ਸੈਨਾ ਮੁਖੀ ਨੇ ਤੀਜੇ ਏਅਰਕ੍ਰਾਫਟ ਕੈਰੀਅਰ ਨੂੰ ਸ਼ਾਮਲ ਕਰਨ ਬਾਰੇ ਕਿਹਾ ਕਿ ਜਲ ਸੈਨਾ ਆਪਣੀਆਂ ਜ਼ਰੂਰਤਾਂ ਬਾਰੇ ਬਿਲਕੁਲ ਸਪੱਸ਼ਟ ਹੈ।
-ਪੀਟੀਆਈ