ਰਾਏਪੁਰ: ਨਕਸਲੀਆਂ ਵੱਲੋਂ ਲਾਏ ਗਏ ਆਈਈਡੀ ’ਚ ਧਮਾਕੇ ਕਾਰਨ ਛੱਤੀਸਗੜ੍ਹ ਆਰਮਡ ਫੋਰਸ (ਸੀਏਐੱਫ) ਦਾ ਇਕ ਜਵਾਨ ਹਲਾਕ ਹੋ ਗਿਆ। ਆਈਜੀ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਧਮਾਕਾ ਦਾਂਤੇਵਾੜਾ ਜ਼ਿਲ੍ਹੇ ਦੇ ਪਾਹੁਰਨਾਰ ਪਿੰਡ ਨੇੜੇ ਦੁਪਹਿਰ ਇਕ ਵਜੇ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਪੁਲ ਉਸਾਰੀ ਦੇ ਕੰਮ ’ਚ ਲੱਗੇ ਮਜ਼ਦੂਰਾਂ ਦੀ ਸੁਰੱਖਿਆ ਲਈ ਗਸ਼ਤ ਕਰ ਰਹੀ ਸੀ। ਇੰਦਰਾਵਤੀ ਦਰਿਆ ’ਤੇ ਬਣ ਰਹੇ ਪੁਲ ਦੀ ਸੁਰੱਖਿਆ ਲਈ ਡਿਸਟ੍ਰਿਕਟ ਰਿਜ਼ਰਵ ਗਾਰਡ ਅਤੇ ਸੀਏਐੱਫ ਨੇ ਸਾਂਝੇ ਤੌਰ ’ਤੇ ਮੁਹਿੰਮ ਚਲਾਈ ਹੋਈ ਸੀ। ਆਈਜੀ ਨੇ ਦੱਸਿਆ ਕਿ ਜਦੋਂ ਗਸ਼ਤੀ ਟੀਮ ਦਰਿਆ ਦੇ ਦੂਜੇ ਕੰਢੇ ’ਤੇ ਸੀ ਤਾਂ ਸੀਏਐੱਫ ਦੀ 22ਵੀਂ ਬਟਾਲੀਅਨ ਦੇ ਹੈੱਡ ਕਾਂਸਟੇਬਲ ਲਕਸ਼ਮੀਕਾਂਤ ਦਿਵੇਦੀ ਦਾ ਪੈਰ ਆਈਈਡੀ ’ਤੇ ਆ ਗਿਆ ਅਤੇ ਦਬਾਅ ਪੈਣ ਕਾਰਨ ਧਮਾਕਾ ਹੋ ਗਿਆ। ਧਮਾਕੇ ’ਚ ਦਿਵੇਦੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ ਅਤੇ ਬਾਅਦ ’ਚ ਉਸ ਨੇ ਦਮ ਤੋੜ ਦਿੱਤਾ। ਉਹ ਗੁਆਂਢੀ ਸੂਬੇ ਮੱਧ ਪ੍ਰਦੇਸ਼ ਦੇ ਰੇਵਾ ਜ਼ਿਲ੍ਹੇ ਦਾ ਵਸਨੀਕ ਸੀ।
-ਪੀਟੀਆਈ