ਬੀਜਾਪੁਰ, 7 ਅਪਰੈਲ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੇ ਸਰਹੱਦੀ ਇਲਾਕੇ ਵਿੱਚ ਬੀਤੇ ਕੁਝ ਦਿਨਾਂ ਵਿੱਚ ਹੋਏ ਨਕਸਲੀ ਹਮਲਿਆਂ ਮਗਰੋਂ ਲਾਪਤਾ ਜਵਾਨ ਦੀ ਤਸਵੀਰ ਬੁੱਧਵਾਰ ਨੂੰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਕੁਝ ਸਥਾਨਕ ਪੱਤਰਕਾਰਾਂ ਨੂੰ ਵੀ ਇਹ ਤਸਵੀਰ ਮਿਲੀ। ਨਕਸਲੀਆਂ ਵੱਲੋਂ ਇਹ ਤਸਵੀਰ ਪੱਤਰਕਾਰਾਂ ਨੂੰ ਭੇਜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਨਕਸਲੀਆਂ ਨੇ ਇਸ ਜਵਾਨ ਦੇ ਉਨ੍ਹਾਂ ਦੇ ਕਬ਼ਜੇ ਵਿੱਚ ਹੋਣ ਦਾ ਦਾਅਵਾ ਕੀਤਾ ਸੀ। ਸੂਬੇ ਦੇ ਸੁਕਮਾ ਅਤੇ ਬੀਜਾਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਸ਼ਨਿਚਰਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਮਗਰੋਂ ਲਾਪਤਾ ਸੀਆਰਪੀਐਫ ਦੇ 210 ਕੋਬਰਾ ਬਟਾਲੀਅਨ ਦੇ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਦੀ ਤਸਵੀਰ ਅੱਜ ਇਲਾਕੇ ਦੇ ਸਥਾਨਕ ਪੱਤਰਕਾਰਾਂ ਨੂੰ ਮਿਲੀ ਹੈ। ਤਸਵੀਰ ਵਿੱਚ ਜਵਾਨ ਇਕ ਝੌਂਪੜੀ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਤਸਵੀਰ ਵਿੱਚ ਕਿਸੇ ਵੀ ਮਾਓਵਾਦੀ ਦਾ ਚਿਹਰਾ ਦਿਖਾਈ ਨਹੀਂ ਦਿੰਦਾ। ਉੱਧਰ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਜਵਾਨ ਦੀ ਸੁਰੱਖਿਅਤ ਵਾਪਸੀ ਚਾਹੁੰਦੇ ਹਨ। ਉੱਧਰ, ਬਸਤਰ ਇਲਾਕੇ ਵਿੱਚ ਕਬਾਇਲੀਆਂ ਲਈ ਕੰਮ ਕਰਨ ਵਾਲੀ ਸਮਾਜਿਕ ਕਾਰਕੁਨ ਸੋਨੀ ਸੋਰੀ ਨੇ ਮਾਓਵਾਦੀਆਂ ਤੋਂ ਅਗਵਾ ਜਵਾਨ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। -ਏਜੰਸੀ