ਮੁੰਬਈ, 14 ਅਕਤੂਬਰ
ਨਸ਼ਿਆਂ ਵਿਰੋਧੀ ਏਜੰਸੀ ਵੱਲੋਂ ਕੁਝ ਨਾਮੀਂ ਵਿਅਕਤੀਆਂ ’ਤੇ ਮਾਰੇ ਗਏ ਛਾਪਿਆਂ ਦਰਮਿਆਨ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਤੇ ਐੱਨਸੀਪੀ ਤਰਜਮਾਨ ਨਵਾਬ ਮਲਿਕ ਨੇ ਅੱਜ ਕਿਹਾ ਕਿ ਇਸ ਕਾਰਵਾਈ ਪਿੱਛੇ ਐੱਨਸੀਬੀ ਦੇ ਕਥਿਤ ‘ਮਾੜੇ ਇਰਾਦੇ’ ਹਨ ਤੇ ਏਜੰਸੀ ਕੁਝ ਲੋਕਾਂ ਨੂੰ ਫਸਾਉਣ ਲਈ ‘ਚੋਣਵੀਂ ਜਾਣਕਾਰੀ ਲੀਕ’ ਕਰ ਰਹੀ ਹੈ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਲਿਕ ਨੇ ਕਿਹਾ ਕਿ ਉਸ ਦਾ ਜਵਾਈ ਸਮੀਰ ਖ਼ਾਨ, ਜਿਸ ਨੂੰ ਨੌਂ ਮਹੀਨਿਆਂ ਮਗਰੋਂ ਹਾਲ ਹੀ ਵਿੱਚ ਡਰੱਗਜ਼ ਕੇਸ ਵਿੱਚ ਜ਼ਮਾਨਤ ਮਿਲੀ ਹੈ, ਹਾਈ ਕੋਰਟ ਦਾ ਰੁਖ਼ ਕਰਦਿਆਂ ਐੱਨਸੀਬੀ ਵੱਲੋਂ ਉਸ ਖ਼ਿਲਾਫ਼ ਲਾਏ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕਰੇਗਾ। ਉਧਰ ਮਲਿਕ ਦੇ ਇਨ੍ਹਾਂ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਐੱਨਸੀਬੀ ਦੀ ਮੁੰਬਈ ਜ਼ੋਨ ਦੇ ਡਾਇਰੈਕਟਰ ਸਮੀਰ ਵਾਨਖੇੜੇ ਨੇ ਕਿਹਾ ਕਿ ਕੇਸ ਕੋਰਟ ਦੇ ਵਿਚਾਰ ਅਧੀਨ ਹੈ। ਵਾਨਖੇੜੇ ਨੇ ਕਿਹਾ, ‘‘ਅਸੀਂ ਕੋਰਟ ਦਾ ਸਤਿਕਾਰ ਕਰਦੇ ਹਾਂ ਤੇ ਜਿਹੜਾ ਕੇਸ ਕੋਰਟ ਦੇ ਵਿਚਾਰ ਅਧੀਨ ਹੋਵੇ ਅਸੀਂ ਉਸ ਬਾਰੇ ਗੱਲ ਨਹੀਂ ਕਰਦੇ।’’ ਵਾਨਖੇੜੇ ਨੇ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਸ਼ਮੂਲੀਅਤ ਵਾਲੇ ਕਰੂਜ਼ ਡਰੱਗਜ਼ ਕੇਸ ਤੋਂ ਇਲਾਵਾ ਪਿਛਲੇ ਸਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਨਾਲ ਜੁੜੇ ਨਸ਼ਾ ਕੇਸ ਦੀ ਵੀ ਜਾਂਚ ਕੀਤੀ ਸੀ। ਕਈ ਨਾਮੀਂ ਸ਼ਖ਼ਸੀਅਤਾਂ ਦੇ ਨਾਰਕੋਟਿਕਸ ਨਾਲ ਜੁੜੇ ਕੇਸ ਵੀ ਵਾਨਖੇੜੇ ਕੋਲ ਹੀ ਸਨ। ਚੇਤੇ ਰਹੇ ਕਿ ਮਲਿਕ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਐੱਨਸੀਬੀ ਵੱਲੋਂ 2 ਅਕਤੂਬਰ ਨੂੰ ਮੁੰਬਈ ਦੇ ਸਾਹਿਲ ’ਤੇ ਕਰੂਜ਼ ਜਹਾਜ਼ ’ਤੇ ਮਾਰਿਆ ਛਾਪਾ ‘ਫ਼ਰਜ਼ੀ’ ਸੀ, ਕਿਉਂਕਿ ਛਾਪੇ ਦੌਰਾਨ ਕੋਈ ਨਾਰਕੋਟਿਕਸ ਨਸ਼ਾ ਨਹੀਂ ਮਿਲਿਆ। -ਪੀਟੀਆਈ